ਨਵੀਂ ਦਿੱਲੀ : ਟਵਿੱਟਰ ਇੰਡੀਆ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਕਾਰਨ ਹੋਈ ਤਕਰਾਰ ਅਤੇ ਦੇਸ਼ ‘ਚ ਸੋਸ਼ਲ ਮੀਡੀਆ’ ਤੇ ਹੰਗਾਮੇ ਦੇ ਵਿਚਕਾਰ ਟਵਿੱਟਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਮਨੀਸ਼ ਮਹੇਸ਼ਵਰੀ ਨੂੰ ਟਵਿੱਟਰ ਇੰਡੀਆ ਤੋਂ ਹਟਾ ਦਿੱਤਾ ਹੈ। ਉਹ ਹੁਣ ਅਮਰੀਕਾ ਵਿੱਚ ਕੰਪਨੀ ਦੇ ਕਾਰੋਬਾਰ ਨੂੰ ਸੰਭਾਲਣਗੇ। ਮਨੀਸ਼ ਨੂੰ ਸੈਨ ਫਰਾਂਸਿਸਕੋ ਵਿੱਚ ਸੀਨੀਅਰ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਨੀਸ਼ ਮਹੇਸ਼ਵਰੀ ਦਾ ਨਾਂ ਟਵਿੱਟਰ ਅਤੇ ਸਰਕਾਰ ਦਰਮਿਆਨ ਚੱਲ ਰਹੇ ਟਕਰਾਅ ਕਾਰਨ ਸੁਰਖੀਆਂ ਵਿੱਚ ਸੀ। ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਮਨੀਸ਼ ਮਹੇਸ਼ਵਰੀ ਨੂੰ ਇੱਕ ਮਾਮਲੇ ਵਿੱਚ ਤਲਬ ਕੀਤਾ ਸੀ। ਉਸ ਨੂੰ ਟਵਿੱਟਰ ‘ਤੇ ਇੱਕ ਉਪਭੋਗਤਾ ਦੁਆਰਾ ਅਪਲੋਡ ਕੀਤੇ ਗਏ ਇੱਕ ਜਾਅਲੀ ਵੀਡੀਓ ਦੀ ਜਾਂਚ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ।
ਦੱਸ ਦੇਈਏ ਕਿ ਮਨੀਸ਼ ਮਹੇਸ਼ਵਰੀ ਨੇ ਸਾਲ 2019 ਵਿੱਚ ਮੈਨੇਜਿੰਗ ਡਾਇਰੈਕਟਰ ਦੇ ਰੂਪ ਵਿੱਚ ਟਵਿੱਟਰ ਇੰਡੀਆ ਦਾ ਕੰਮ ਸੰਭਾਲਿਆ ਸੀ। ਉਹ ਲਗਭਗ ਦੋ ਸਾਲ ਇਸ ਅਹੁਦੇ ‘ਤੇ ਰਹੇ। ਟਵਿੱਟਰ ਨਾਲ ਜੁੜਨ ਤੋਂ ਪਹਿਲਾਂ, ਉਹ ਨੈਟਵਰਕ 18 ਨਾਲ ਜੁੜੇ ਹੋਏ ਸਨ।
ਟਵਿੱਟਰ ਨੇ ਇਸ ਸੰਬੰਧ ਵਿੱਚ ਇੱਕ ਈਮੇਲ ਜਾਰੀ ਕੀਤੀ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਇੰਡੀਆ ਕੰਟਰੀ ਡਾਇਰੈਕਟਰ ਐਂਡ ਹੈੱਡ ਆਫ਼ ਇੰਡੀਆ ਦੇ ਰੂਪ ਵਿੱਚ ਟੀਮ ਨੂੰ ਲਗਭਗ ਦੋ ਸਾਲ ਸੰਭਾਲਣ ਤੋਂ ਬਾਅਦ, ਮਨੀਸ਼ ਹੁਣ ਸੈਨ ਫਰਾਂਸਿਸਕੋ ‘ਚ ਸੀਨੀਅਰ ਡਾਇਰੈਕਟਰ, ਰੈਵਨਿਊ ਸਟ੍ਰੇਟਜੀ ਐਂਡ ਆਪਰੇਸਨਜ਼ ਵਜੋਂ ਨਵੀਂ ਭੂਮਿਕਾ ਨਿਭਾਉਣਗੇ। ਉਹ ਡੇਟਰਾ ਮਾਰਾ ਨੂੰ ਰਿਪੋਰਟ ਕਰਨਗੇ।
ਟਵਿੱਟਰ ਨੇ ਵੀ ਇਸ ਈਮੇਲ ਦੀ ਪੁਸ਼ਟੀ ਕੀਤੀ ਹੈ। ਹੁਣ ਟਵਿੱਟਰ ਦੀ ਮੌਜੂਦਾ ਸੇਲਜ਼ ਹੈੱਡ ਕਨਿਕਾ ਮਿੱਤਲ ਅਤੇ ਮੌਜੂਦਾ ਬਿਜ਼ਨਸ ਹੈੱਡ ਨੇਹਾ ਸ਼ਰਮਾ ਭਾਰਤ ਦੀ ਸਹਿ-ਅਗਵਾਈ ਕਰਨਗੇ। ਉਹ ਦੋਵੇਂ ਟਵਿੱਟਰ ਜਾਪਾਨ ਦੇ ਵੀਪੀ ਯੂ ਸਾਸਾਮੋਤੋ ਨੂੰ ਰਿਪੋਰਟ ਕਰਨਗੇ।