ਤੁਰਕੀ ਦਾ ਫੌਜੀ ਜਹਾਜ਼ ਜਾਰਜੀਆ ਵਿੱਚ ਹਾਦਸਾਗ੍ਰਸਤ; ਕਈ ਮੌਤਾਂ ਦਾ ਖਦਸ਼ਾ

Global Team
2 Min Read

ਨਿਊਜ਼ ਡੈਸਕ: ਜਾਰਜੀਆ ਵਿੱਚ ਤੁਰਕੀ ਦਾ ਇੱਕ ਫੌਜੀ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਵਿੱਚ ਚਾਲਕ ਦਲ ਸਮੇਤ 20 ਫੌਜੀ ਸਵਾਰ ਸਨ। ਤੁਰਕੀ ਅਤੇ ਜਾਰਜੀਆ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਤੁਰਕੀ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਸਾਂਝੀ ਕੀਤੀ ਕਿ C-130 ਜਹਾਜ਼ ਅਜ਼ਰਬਾਈਜਾਨ ਤੋਂ ਉਡਾਣ ਭਰਨ ਤੋਂ ਬਾਅਦ ਤੁਰਕੀ ਵਾਪਸ ਆ ਰਿਹਾ ਸੀ ਇਸ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।  ਮੰਤਰਾਲੇ ਦੇ ਅਨੁਸਾਰ, ਜਹਾਜ਼ ਵਿੱਚ 20 ਫੌਜ ਕਰਮੀ ਸਵਾਰ ਸਨ, ਜਿਨ੍ਹਾਂ ਵਿੱਚ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ।

ਇਸ ਜਹਾਜ਼ ਹਾਦਸੇ ਦੀਆਂ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ ਜਿੰਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਕਿਵੇਂ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਸੀ, ਜਿਸ ਤੋਂ ਬਾਅਦ ਚਿੱਟੇ ਧੂੰਏਂ ਦੇ ਗੁਬਾਰ ਉੱਠਣ ਲੱਗੇ। ਹਾਦਸੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਗਿਆ ਹੈ।

ਰਿਪੋਰਟਾਂ ਅਨੁਸਾਰ ਜਿਵੇਂ ਹੀ ਜਹਾਜ਼ ਅਜ਼ਰਬਾਈਜਾਨ ਤੋਂ ਰਵਾਨਾ ਹੋਇਆ, ਅਚਾਨਕ ਇਸ ਵਿੱਚ ਕੁਝ ਸਮੱਸਿਆਵਾਂ ਆਉਣ ਲੱਗ ਪਈਆਂ। ਸਰਹੱਦ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਜਾਰਜੀਆ ਵਿੱਚ ਹਾਦਸਾਗ੍ਰਸਤ ਹੋ ਗਿਆ। ਸਥਾਨਕ ਅਧਿਕਾਰੀ ਉਦੋਂ ਤੋਂ ਹੀ ਬਚਾਅ ਕਾਰਜਾਂ ਵਿੱਚ ਜੁਟ ਗਏ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਅਜੇ ਤੱਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਅੰਕਾਰਾ ਵਿੱਚ ਇੱਕ ਸਮਾਗਮ ਦੌਰਾਨ ਹਾਦਸੇ ‘ਤੇ ਦੁੱਖ ਜਤਾਇਆ ਹੈ।

ਦੱਸ ਦਈਏ ਕਿ C-130 ਹਰਕੂਲੀਸ ਇੱਕ ਚਾਰ-ਇੰਜਣ ਵਾਲਾ ਟਰਬੋਪ੍ਰੌਪ ਫੌਜੀ ਟਰਾਂਸਪੋਰਟ ਜਹਾਜ਼ ਹੈ ਜੋ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਦੁਆਰਾ ਨਿਰਮਿਤ ਹੈ। ਇਸਦੀ ਵਰਤੋਂ ਮਾਲ, ਫੌਜਾਂ ਅਤੇ ਉਪਕਰਣਾਂ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ ਅਤੇ ਇਹ ਬਿਨਾਂ ਤਿਆਰ ਰਨਵੇਅ ‘ਤੇ ਵੀ ਉਡਾਣ ਭਰਨ ਅਤੇ ਉਤਰਨ ਦੇ ਸਮਰੱਥ ਹੁੰਦਾ ਹੈ।

 

ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment