ਜਥੇਦਾਰ ਗੜਗੱਜ ਵੱਲੋਂ ਵਿਦੇਸ਼ ਅੰਦਰ ਔਕੜਾਂ ਦੇ ਬਾਵਜੂਦ ਸਾਬਤ ਸੂਰਤ ਸਿੱਖੀ ਸਰੂਪ ਨਾਲ ਡਾਕਟਰੀ ਪੜ੍ਹਾਈ ਜਾਰੀ ਰੱਖਣੀ ਵਾਲੇ ਨੌਜਵਾਨ ਦਾ ਸਨਮਾਨ

Global Team
3 Min Read

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਦੇਸ਼ ਦੀ ਇੱਕ ਮੈਡੀਕਲ ਅਕੈਡਮੀ ਤੋਂ ਔਕੜਾਂ ਦੇ ਬਾਵਜੂਦ ਸਾਬਤ ਸੂਰਤ ਸਿੱਖੀ ਸਰੂਪ ਕਾਇਮ ਰੱਖਦਿਆਂ ਡਾਕਟਰੀ ਦੀ ਪੜ੍ਹਾਈ ਜਾਰੀ ਰੱਖਣ ਵਾਲੇ ਸਿੱਖ ਨੌਜਵਾਨ ਹਰਸ਼ਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਰਹਿਣ ਵਾਲੇ ਹਰਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਭੈਣ ਬੀਬੀ ਗੁਰਪ੍ਰੀਤ ਕੌਰ ਉਜ਼ਬੇਕੀਸਤਾਨ ਵਿਖੇ ਤਾਸ਼ਕੰਤ ਯੂਨੀਵਰਸਿਟੀ ਦੀ ਮੈਡੀਕਲ ਅਕੈਡਮੀ ਤੋਂ ਡਾਕਟਰੀ ਦੀ ਪੜ੍ਹਾਈ ਐੱਮ.ਬੀ.ਬੀ.ਐੱਸ ਦਾ ਕੋਰਸ ਕਰਨ ਲਈ ਵਿਦੇਸ਼ ਗਏ ਹੋਏ ਹਨ। ਚੱਲਦੇ ਕੋਰਸ ਦੌਰਾਨ ਅਕੈਡਮੀ ਦੇ ਪ੍ਰੋਫੈਸਰ ਵੱਲੋਂ ਹਰਸ਼ਦੀਪ ਸਿੰਘ ਉੱਤੇ ਇਹ ਸ਼ਰਤ ਲਗਾਈ ਗਈ ਕਿ ਜੇਕਰ ਉਨ੍ਹਾਂ ਨੇ ਸਰਜਰੀ ਦੀ ਕਲਾਸ ਵਿੱਚ ਦਾਖਲ ਹੋਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਦਾੜ੍ਹੀ ਦੇ ਕੇਸ ਕੱਟਣੇ ਪੈਣਗੇ।

ਇਸ ਮਾਮਲੇ ਵਿੱਚ ਕੇਸ ਕੱਟਣ ਦੀ ਜਗ੍ਹਾ ਹਰਸ਼ਦੀਪ ਸਿੰਘ ਨੇ ਵਿਦੇਸ਼ ਅੰਦਰ ਆਪਣੀ ਡਾਕਟਰੀ ਦੀ ਪੜ੍ਹਾਈ ਛੱਡਣ ਨੂੰ ਪਹਿਲ ਦਿੱਤੀ। ਹਰਸ਼ਦੀਪ ਸਿੰਘ ਨੇ ਤਾਸ਼ਕੰਤ ਯੂਨੀਵਰਸਿਟੀ ਦੇ ਡੀਨ ਨੂੰ ਸਿੱਖ ਪਛਾਣ ਵਿੱਚ ਕੇਸਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਉਨ੍ਹਾਂ ਦੀ ਗੱਲ ਨਾ ਸੁਣੀ ਗਈ। ਉਪਰੰਤ ਹਰਸ਼ਦੀਪ ਸਿੰਘ ਨੇ ਇਹ ਮਾਮਲਾ ਆਪਣੇ ਖੇਤਰ ਦੀ ਇੱਕ ਸਿੱਖ ਸਾਂਸਦ ਰਾਹੀਂ ਭਾਰਤ ਸਰਕਾਰ ਪਾਸ ਉਠਾਇਆ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਲਿਖ ਕੇ ਇਸ ਦਾ ਹੱਲ ਕਰਨ ਲਈ ਆਖਿਆ। ਮਾਮਲਾ ਹੱਲ ਹੋਣ ਉਪਰੰਤ ਤਾਸ਼ਕੰਤ ਮੈਡੀਕਲ ਅਕੈਡਮੀ ਵੱਲੋਂ ਹਰਸ਼ਦੀਪ ਸਿੰਘ ਨੂੰ ਦਾੜ੍ਹੀ ਕੇਸਾਂ ਸਮੇਤ ਹੀ ਸਰਜਰੀ ਦੀ ਕਲਾਸ ਲਗਾਉਣ ਦੀ ਲਿਖਤੀ ਪ੍ਰਵਾਨਗੀ ਦੇ ਦਿੱਤੀ ਗਈ, ਪ੍ਰੋਫੈਸਰ ਨੇ ਲਿਖਤੀ ਮੁਆਫੀ ਮੰਗੀ ਅਤੇ ਅਗਾਂਹ ਤੋਂ ਵੀ ਸਿੱਖ ਵਿਦਿਆਰਥੀਆਂ ਲਈ ਇਹ ਸ਼ਰਤ ਹਟਾ ਦਿੱਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਰਸ਼ਦੀਪ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਵਿਦੇਸ਼ ਅੰਦਰ ਸਿੱਖ ਪਛਾਣ ਨਾਲ ਸਬੰਧਤ ਮਾਮਲੇ ਵਿੱਚ ਅਤੇ ਆਪਣੇ ਹੱਕ ਲਈ ਡਟ ਕੇ ਪਹਿਰਾ ਦਿੱਤਾ ਅਤੇ ਆਪਣੀ ਸੂਝ-ਬੂਝ ਤੇ ਲਿਆਕਤ ਨਾਲ ਇਸ ਮਾਮਲੇ ਨੂੰ ਉਜਾਗਰ ਕੀਤਾ, ਜਿਸ ਨਾਲ ਉਜ਼ਬੇਕੀਸਤਾਨ ਦੀ ਤਾਸ਼ਕੰਤ ਮੈਡੀਕਲ ਅਕੈਡਮੀ ਵਿੱਚ ਸਿੱਖ ਬੱਚਿਆਂ ਲਈ ਆਪਣੀ ਪਛਾਣ ਕਾਇਮ ਰੱਖਦਿਆਂ ਡਾਕਟਰੀ ਪੜ੍ਹਾਈ ਕਰਨ ਦਾ ਰਾਹ ਪੱਧਰਾ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਨੌਜਵਾਨ ਇਸ ਮਾਮਲੇ ਤੋਂ ਪ੍ਰੇਰਣਾ ਲੈਣ ਅਤੇ ਆਪਣੀ ਸਾਬਤ ਸੂਰਤ ਸਿੱਖ ਪਛਾਣ ਨੂੰ ਕਾਇਮ ਰੱਖਣ ਲਈ ਅਜਿਹੀ ਦ੍ਰਿੜ੍ਹਤਾ ਰੱਖਣ।

Share This Article
Leave a Comment