ਜਗਤਾਰ ਸਿੰਘ ਸਿੱਧੂ;
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਨਾਲ ਭਾਜਪਾ ਦੀ ਲੀਡਰਸ਼ਿਪ ਚੌਰਾਹੇ ‘ਚ ਖੜੀ ਬੇਬੱਸ ਨਜਰ ਆ ਰਹੀ ਹੈ। ਇਹ ਅਸਤੀਫਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਅਤੇ ਪੰਜਾਬ ਦੇ ਗੁਆਂਡੀ ਸੂਬੇ ਹਰਿਆਣਾ ਵਿਚ ਨੱਬੇ ਮੈਂਬਰੀ ਵਿਧਾਨ ਸਭਾ ਲਈ ਆਮ ਚੋਣ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਸੁਭਾਵਿਕ ਹੀ ਹੈ ਕਿ ਭਾਜਪਾ ਦੀ ਲੀਡਰਸ਼ਿਪ ਬਚਾ ਲਈ ਅੱਗੇ ਆਈ ਹੈ। ਭਾਜਪਾ ਆਗੂ ਧੜਾਧੜ ਮੀਡੀਆ ਵਿਚ ਬਿਆਨ ਦੇ ਰਹ ਹਨ ਕਿ ਇਹ ਖਬਰ ਬਿਲਕੁੱਲ ਝੂਠੀ ਹੈ ਅਤੇ ਸ਼ਰਾਰਤ ਨਾਲ ਲੁਆਈ ਗਈ ਹੈ। ਪੱਤਰਕਾਰੀ ਦੇ ਦਹਾਕਿਆਂ ਦੇ ਤਜਰਬੇ ਨਾਲ ਆਪਣੇ ਪਾਠਕਾਂ ਨਾਲ ਇਹ ਤੱਥ ਸਾਂਝੇ ਕਰਦਾ ਹਾਂ ਕਿ ਚੰਡੀਗੜ ਅਧਾਰਿਤ ਵੱਡੇ ਮੀਡੀਆ ਗਰੁਪ ਨੇ ਪਹਿਲੇ ਪੰਨੇ ਉਪਰ ਖਬਰ ਲਾਈ ਹੈ ਤਾਂ ਪੂਰੀ ਜਿੰਮੇਵਾਰੀ ਨਾਲ ਲਾਈ ਹੈ ਅਤੇ ਉਸ ਮੀਡੀਆ ਦੀ ਭਰੋਸੇਯੋਗਤਾ ਬਾਰੇ ਕਦੇ ਉਂਗਲ ਨਹੀਂ ਉੱਠ ਸਕਦੀ। ਹਾਂ ਕਿਸੇ ਰਾਜਸੀ ਧਿਰ ਨੂੰ ਆਪਣੇ ਬਚਾ ਲਈ ਕੁਝ ਵੀ ਕਹਿਣਾ ਪੈ ਸਕਦਾ ਹੈ ਤਾਂ ਇਹ ਵੱਖਰੀ ਗੱਲ ਹੈ।
ਹੁਣ ਗੱਲ ਕੀਤੀ ਜਾਵੇ ਸੁਨੀਲ਼ ਜਾਖੜ ਦੇ ਅਸਤੀਫੇ ਬਾਰੇ। ਸੁਨੀਲ ਜਾਖੜ ਪੰਜਾਬ ਦੇ ਗਿਣੇ ਚੁਣੇ ਸੰਜੀਦਾ ਅਤੇ ਪ੍ਰਤੀਬੱਧ ਆਗੂਆਂ ਵਿਚੋਂ ਇਕ ਹਨ। ਦਹਾਕਿਆਂ ਤੋਂ ਇਹ ਪਰਿਵਾਰ ਸੂਬਾਈ ਅਤੇ ਕੌਮੀ ਪੱਧਰ ਦੀ ਰਾਜਸੀ ਪਹਿਚਾਣ ਰੱਖਦਾ ਹੈ। ਸੁਨੀਲ ਜਾਖੜ ਵੱਡੈ ਅਹੁਦਿਆਂ ਸਮੇਤ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਵਿਧਾਨ ਸਭਾ ਵਿਚ ਜਾਖੜ ਵੱਲੋਂ ਪੰਜਾਬ ਦੇ ਮੁੱਦਿਆਂ ਬਾਰੇ ਬੋਲਦੇ ਸਨ ਤਾਂ ਸਭ ਦਾ ਧਿਆਨ ਖਿੱਚਦੇ ਸਨ। ਅਜਿਹੇ ਨੇਤਾ ਦੇ ਅਸਤੀਫੇ ਬਾਰੇ ਜਿੰਮੇਵਾਰ ਮੀਡੀਆ ਗਰੁਪ ਕੇਵਲ ਵਾਹ ਵਾਹ ਖੱਟਣ ਲਈ ਖਬਰ ਨਹੀਂ ਬਣਾ ਸਕਦਾ ਜਿਸ ਦੀ ਅਗਵਾਈ ਵੀ ਕੌਮੀ ਪੱਧਰ ਦੀ ਪਹਿਚਾਣ ਰੱਖਣ ਵਾਲ਼ੀ ਮੀਡੀਆ ਹਸਤੀ ਕਰ ਰਹੀ ਹੋਵੇ।
ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ ਕਿ ਜਾਖੜ ਦੀ ਥਾਂ ਭਾਜਪਾ ਦੇ ਦੂਜੇ ਆਗੂ ਅਸਤੀਫੇ ਦੀ ਖਬਰ ਨੂੰ ਝੂਠੀ ਕਿਉਂ ਆਖ ਰਹੇ ਹਨ? ਜੇਕਰ ਅਸਤੀਫਾ ਦਿਤਾ ਹੀ ਨਹੀ ਗਿਆ ਤਾਂ ਜਾਖੜ ਹੋਣਾ ਨੇ ਮੀਡੀਆ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਕੋਈ ਦੇਰੀ ਨਹੀਂ ਕਰਨੀ ਸੀ। ਉਹ ਅਜਿਹੇ ਆਗੂ ਹਨ ਕਿ ਜੇਕਰ ਅਸਤੀਫਾ ਦਿੱਤਾ ਹੈ ਤਾਂ ਪਾਰਟੀ ਦੇ ਦਬਾ ਹੇਠ ਆਕੇ ਵੀ ਝੂਠ ਦਾ ਪੋਚਾ ਨਹੀ ਫੇਰ ਸਕਦੇ । ਇਹ ਵੱਖਰੀ ਗੱਲ ਹੈ ਕਿ ਭਾਜਪਾ ਦੀ ਹਾਈਕਮਾਂਡ ਨੇ ਅਜੇ ਅਸਤੀਫਾ ਪ੍ਰਵਾਨ ਨਾ ਕੀਤਾ ਹੋਵੇ ਪਰ ਸਵਾਲ ਤਾਂ ਅਸਤੀਫਾ ਦੇਣ ਬਾਰੇ ਹੈ ਅਤੇ ਜਾਖੜ ਦੀ ਲਗਾਤਾਰ ਗੈਰ ਹਾਜਰੀ ਇਸ ਦੀ ਪੁਸ਼ਟੀ ਕਰਦੀ ਹੈ! ਇਸ ਤਰਾਂ ਸਧਾਰਨ ਸਵਾਲ ਹੈ ਕਿ ਜਾਖੜ ਆਕੇ ਸਥਿਤੀ ਕਿਉਂ ਨਹੀਂ ਸਪਸ਼ਟ ਕਰਦੇ। ਕਿਹਾ ਜਾ ਸਕਦਾ ਹੈ ਕਿ ਕਈ ਅਜਿਹੇ ਭਾਜਪਾ ਆਗੂ ਵੀ ਅਸਤੀਫੇ ਦੀ ਗੱਲ ਝੂਠੀ ਆਖ ਰਹੇ ਹਨ ਜਿਹੜੇ ਕਿ ਆਪ ਆਖਦੇ ਰਹੇ ਹਨ ਕਿ ਜਾਖੜ ਪ੍ਰਧਾਨਗੀ ਤੋਂ ਅਸਤੀਫਾ ਦੇ ਗਏ ਹਨ।
ਚੰਡੀਗੜ੍ਹ ਪੰਜਾਬ ਦੇ ਦਫਤਰ ਵਿਚ ਪੰਚਾਇਤੀ ਚੋਣਾਂ ਲੜਨ ਦੀ ਤਿਆਰੀ ਬਾਰੇ ਸੂਬਾ ਪੱਧਰ ਦੀ ਇਕ ਦਿਨ ਪਹਿਲਾਂ ਮੀਟਿੰਗ ਹੋਈ ਪਰ ਜਾਖੜ ਉਸ ਮੀਟਿੰਗ ਵਿਚ ਵੀ ਨਹੀਂ ਸਨ। ਮੀਡੀਆ ਦੀ ਰਿਪੋਰਟ ਅਨੁਸਾਰ ਜਾਖੜ ਨਾਲ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਮੀਟਿੰਗ ਬਾਰੇ ਸੰਪਰਕ ਕੀਤਾ ਤਾਂ ਉਨਾਂ ਪ੍ਰਧਾਨਗੀ ਲਈ ਕਿਸੇ ਮੀਟਿੰਗ ਵਿੱਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਹ ਵੀ ਸਹੀ ਹੈ ਕਿ ਮੀਡੀਆ ਨੇ ਜਾਖੜ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਜਾਖੜ ਨੇ ਕਿਸੇ ਦਾ ਫੋਨ ਨਹੀਂ ਲਿਆ। ਕਿਧਰੇ ਰਾਜਸੀ ਹਲਕਿਆਂ ਵਿਚ ਚਰਚਾ ਹੈ ਕਿ ਕੁਝ ਭਾਜਪਾ ਆਗੂਆਂ ਦੇ ਨਾਂਹ ਪਖੀ ਵਤੀਰੇ ਕਾਰਨ ਜਾਖੜ ਕਾਫੀ ਦਿਨਾਂ ਤੋਂ ਪਰੇਸ਼ਾਨ ਸਨ। ਭਾਜਪਾ ਨੂੰ ਵਿਧਾਨ ਸਭਾ ਚੋਣ ਅਤੇ ਪਾਰਲੀਮੈਂਟ ਚੋਣ ਮੌਕੇ ਕਾਂਗਰਸ ਦੇ ਕਈ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਨਾਲ ਪੰਜਾਬ ਵਿਚ ਭਾਜਪਾ ਨੂੰ ਕੋਈ ਹੁਲਾਰਾ ਨਹੀ ਮਿਲਿਆ ਅਤੇ ਕਈ ਤਾਂ ਵਾਪਸ ਕਾਂਗਰਸ ਵਿੱਚ ਚਲੇ ਗਏ ਹਨ। ਇਸੇ ਦੌਰਾਨ ਸਾਰੀ ਸਥਿਤੀ ਬਾਰੇ ਵਿਚਾਰ ਕਰਨ ਲਈ ਪੰਜਾਬ ਭਾਜਪਾ ਨੇ 29 ਸਤੰਬਰ ਨੂੰ ਮੀਟਿੰਗ ਵੀ ਬੁਲਾ ਲਈ ਹੈ।
ਸੰਪਰਕ 98140021