ਟਰੰਪ ਦਾ ਵਾਸ਼ਿੰਗਟਨ ਦੇ ਬੇਘਰੇ ਲੋਕਾਂ ਨੂੰ ਅਲਟੀਮੇਟਮ, ਵਾਸ਼ਿੰਗਟਨ ਦੀਆਂ ਸੜਕਾਂ ਛੱਡੋ, ਨਹੀਂ ਤਾਂ ਜੇਲ੍ਹ ਜਾਓ

Global Team
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀ.ਸੀ. ਨੂੰ ਅਪਰਾਧ ਮੁਕਤ ਕਰਨ ਦਾ ਪ੍ਰਣ ਲਿਆ ਹੈ। ਇਸ ਦਿਸ਼ਾ ਵਿੱਚ, ਟਰੰਪ ਨੇ ਪਹਿਲਾਂ 800 ਤੋਂ ਵੱਧ ਨੈਸ਼ਨਲ ਗਾਰਡ ਸੈਨਿਕਾਂ ਨੂੰ ਤਾਇਨਾਤ ਕਰਕੇ ਰਾਜਧਾਨੀ ਦੀ ਕਮਾਨ ਆਪਣੇ ਹੱਥਾਂ ਵਿੱਚ ਲਈ। ਹੁਣ, ਵ੍ਹਾਈਟ ਹਾਊਸ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਬੇਘਰ ਲੋਕਾਂ ਲਈ ਸੜਕਾਂ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਸੜਕਾਂ ‘ਤੇ ਰਹਿਣ ਵਾਲੇ ਲੋਕ ਜੇਕਰ ਸ਼ੈਲਟਰ ਹੋਮਜ਼ ਵਿੱਚ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ। ਟਰੰਪ ਦੇ ਇਸ ਆਦੇਸ਼ ਨਾਲ ਕਈ ਬੇਘਰ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।

ਵ੍ਹਾਈਟ ਹਾਊਸ ਦੀ ਚਿਤਾਵਨੀ

ਵ੍ਹਾਈਟ ਹਾਊਸ ਦੀ ਬੁਲਾਰਾ ਕੈਰੋਲੀਨ ਲੇਵਿਟ ਨੇ ਜਾਣਕਾਰੀ ਦਿੰਦੇ ਹੋਏ ਕਿਹਾ, “ਬੇਘਰੇ ਲੋਕਾਂ ਕੋਲ ਇਹ ਵਿਕਲਪ ਹੈ ਕਿ ਉਹ ਸ਼ੈਲਟਰ ਹੋਮਜ਼ ਵਿੱਚ ਜਾ ਸਕਦੇ ਹਨ। ਉੱਥੇ ਉਨ੍ਹਾਂ ਨੂੰ ਮਾਨਸਿਕ ਸਿਹਤ ਸਮੇਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪਰ, ਜੇਕਰ ਉਨ੍ਹਾਂ ਨੇ ਸ਼ੈਲਟਰ ਹੋਮਜ਼ ਵਿੱਚ ਪਨਾਹ ਲੈਣ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਜਾਵੇਗਾ ਜਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਬੰਦ ਕੀਤਾ ਜਾ ਸਕਦਾ ਹੈ।”

ਲੇਵਿਟ ਅਨੁਸਾਰ, ਬੇਘਰੇ ਲੋਕਾਂ ਲਈ ਵਾਸ਼ਿੰਗਟਨ ਡੀ.ਸੀ. ਤੋਂ ਦੂਰ ਸ਼ੈਲਟਰ ਹੋਮਜ਼ ਬਣਾਏ ਜਾਣਗੇ। ਅਮਰੀਕੀ ਪੁਲਿਸ ਪਹਿਲਾਂ ਹੀ 70 ਲੋਕਾਂ ਨੂੰ ਪਾਰਕਾਂ ਤੋਂ ਬਾਹਰ ਕੱਢ ਚੁੱਕੀ ਹੈ। ਬਾਕੀ ਲੋਕਾਂ ਨੂੰ ਇਸ ਹਫਤੇ ਦੇ ਅਖੀਰ ਤੱਕ ਸ਼ੈਲਟਰ ਹੋਮਜ਼ ਵਿੱਚ ਭੇਜਣ ਦੀ ਕਾਰਵਾਈ ਜਾਰੀ ਹੈ।

ਟਰੰਪ ਨੇ ਦਿੱਤੀ ਸੀ ਚਿਤਾਵਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਹ ਕੋਈ ਸਖ਼ਤ ਕਦਮ ਚੁੱਕਣ ਤੋਂ ਪਹਿਲਾਂ ਬੇਘਰੇ ਲੋਕਾਂ ਨੂੰ ਵਾਸ਼ਿੰਗਟਨ ਛੱਡ ਕੇ ਚਲੇ ਜਾਣਾ ਚਾਹੀਦਾ। ਟਰੰਪ ਅਨੁਸਾਰ, ਬੇਘਰ ਲੋਕਾਂ ਨੇ ਵਾਸ਼ਿੰਗਟਨ ‘ਤੇ ਕਬਜ਼ਾ ਕਰ ਲਿਆ ਹੈ ਅਤੇ ਵਾਸ਼ਿੰਗਟਨ ਵਿੱਚ ਵਧ ਰਹੇ ਅਪਰਾਧ ਵਿੱਚ ਉਨ੍ਹਾਂ ਦਾ ਵੀ ਹੱਥ ਹੈ।

ਯੂਐਸ ਫੈਕਟਸ ਵੈਬਸਾਈਟ ਅਨੁਸਾਰ, ਵਾਸ਼ਿੰਗਟਨ ਦੀ ਕੁੱਲ ਆਬਾਦੀ ਲਗਭਗ 7 ਲੱਖ ਹੈ। ਬੇਘਰੇਲੋਕਾਂ ਦੀ ਸੂਚੀ ਵਿੱਚ ਵਾਸ਼ਿੰਗਟਨ 16ਵੇਂ ਨੰਬਰ ‘ਤੇ ਹੈ। ਸਭ ਤੋਂ ਵੱਧ ਬੇਘਰ ਲੋਕ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ, ਸਿਆਟਲ ਅਤੇ ਡੇਨਵਰ ਵਿੱਚ ਹਨ।

Share This Article
Leave a Comment