ਵਾਸ਼ਿੰਗਟਨ: ਅਮਰੀਕਾ ਨੇ ਇੱਕ ਹਮਲੇ ਦੌਰਾਨ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਮੁੱਖੀ ਕਾਸਿਮ ਅਲ-ਰੇਮੀ ਤੇ ਅਲ-ਕਾਇਦਾ ਦੇ ਇੱਕ ਹੋਰ ਆਗੂ ਆਈਮਾਨ ਅਲ ਜ਼ਵਾਹਿਰੀ ਨੂੰ ਯਮਨ ‘ਚ ਅੱਤਵਾਦ ਰੋਕੂ ਮੁਹਿੰਮ ਤਹਿਤ ਮਾਰ ਗਿਰਾਇਆ ਹੈ। ਦੱਸ ਦਈਏ ਕਿ ਕਾਸਿਮ ਅਲ-ਰੇਮੀ ਯਮਨ ‘ਚ ਅਲ-ਕਾਇਦਾ (ਅੱਤਵਾਦੀ ਸੰਗਠਨ) ਦਾ ਮੁੱਖ ਆਗੂ ਸੀ।
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਯਮਨ ‘ਚ ਅੱਤਵਾਦੀ ਰੋਕੂ ਮੁਹਿੰਮ ਤਹਿਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਨੇ ਇਸ ਕਾਰਵਾਈ ਵਿੱਚ ਦੋਵਾਂ ਅੱਤਵਾਦੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਕਾਸੀਮ ਅਲ-ਰੇਮੀ ਸਾਲ 2015 ਤੋਂ “ਅਲ-ਕਾਇਦਾ ਇਨ ਪੈਨਿਨਸੁਲਾ” (AQAP) ਦੀ ਅਗਵਾਈ ਕਰ ਰਿਹਾ ਸੀ। ਕਾਸਿਮ ਅਲ-ਰੇਮੀ ਜੁਲਾਈ 2007 ਦੇ ਇੱਕ ਆਤਮਘਾਤੀ ਹਮਲੇ ‘ਚ ਵੀ ਸ਼ਾਮਲ ਸੀ ਜਿਸ ‘ਚ ਅੱਠ ਸਪੈਨਿਸ਼ ਸੈਲਾਨੀ ਮਾਰੇ ਗਏ ਸਨ। ਇਸ ਤੋਂ ਇਲਾਵਾ ਉਸ ਨੇ ਅਮਰੀਕੀ ਫੌਜ ‘ਤੇ ਵੀ ਕਈ ਹਮਲੇ ਕੀਤੇ ਸਨ।
ਇਸ ਤੋਂ ਪਹਿਲਾਂ ਅਮਰੀਕਾ ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਹਵਾਈ ਹਮਲੇ ਦੌਰਾਨ ਇਰਾਨ ਦੇ ਚੋਟੀ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਤੇ 7 ਹੋਰਾਂ ਨੂੰ ਮਾਰ ਗਿਰਾਇਆ ਸੀ। ਜਨਰਲ ਸੁਲੇਮਾਨੀ ਈਰਾਨ ਦੀ ਅਲ-ਕੁਦਸ ਫੋਰਸ ਦਾ ਮੁੱਖੀ ਸੀ। ਜਿਸ ਤੋਂ ਬਾਅਦ ਖਾੜੀ ਖੇਤਰ ‘ਚ ਤਣਾਅ ਬਹੁਤ ਵੱਧ ਗਿਆ ਸੀ।