ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਐਪਲ ਇੰਕ ਦੇ ਸੀਈਓ ਟਿਮ ਕੁੱਕ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਪੱਸ਼ਟ ਕਿਹਾ ਕਿ ਭਾਰਤ ਵਿੱਚ ਫੈਕਟਰੀ ਲਗਾਉਣ ਦੀ ਕੋਈ ਲੋੜ ਨਹੀਂ, ਜਦੋਂ ਤੱਕ ਇਹ ਸਿਰਫ਼ ਭਾਰਤੀ ਬਾਜ਼ਾਰ ਲਈ ਨਾ ਹੋਵੇ।
ਟਰੰਪ ਨੇ ਕਿਹਾ, “ਕੱਲ੍ਹ ਮੇਰੀ ਟਿਮ ਕੁੱਕ ਨਾਲ ਥੋੜ੍ਹੀ ਬਹਿਸ ਹੋਈ ਸੀ।” ਉਨ੍ਹਾਂ ਦੱਸਿਆ ਕਿ ਐਪਲ ਦੇ ਸੀਈਓ ਭਾਰਤ ਵਿੱਚ ਵੱਡੇ ਪੈਮਾਨੇ ‘ਤੇ ਨਿਰਮਾਣ ਕਾਰਜ ਕਰ ਰਹੇ ਹਨ। ਦੋਹਾ ਵਿੱਚ ਟਰੰਪ ਨੇ ਕੁੱਕ ਨੂੰ ਕਿਹਾ, “ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭਾਰਤ ਵਿੱਚ ਨਿਰਮਾਣ ਕਰੋ।” ਟਰੰਪ ਦੇ ਅਨੁਸਾਰ, ਇਸ ਗੱਲਬਾਤ ਤੋਂ ਬਾਅਦ ਐਪਲ ਅਮਰੀਕਾ ਵਿੱਚ ਆਪਣਾ ਉਤਪਾਦਨ ਵਧਾਏਗਾ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਕੁੱਕ ਨੇ ਕਿਹਾ ਸੀ ਕਿ ਭਾਰਤ ਅਮਰੀਕੀ ਬਾਜ਼ਾਰ ਲਈ ਬਣਾਏ ਜਾਣ ਵਾਲੇ ਆਈਫੋਨ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਟੈਕ ਜਗਤ ਦੀ ਦਿੱਗਜ ਕੰਪਨੀ ਦੇ ਹਾਲੀਆ ਤਿਮਾਹੀ ਨਤੀਜਿਆਂ ਦੀ ਘੋਸ਼ਣਾ ਕਰਦਿਆਂ ਕੁੱਕ ਨੇ ਕਿਹਾ, “ਅਮਰੀਕਾ ਵਿੱਚ ਵਿਕਣ ਵਾਲੇ ਜ਼ਿਆਦਾਤਰ ਆਈਫੋਨ ਦਾ ਮੂਲ ਦੇਸ਼ ਭਾਰਤ ਹੋਵੇਗਾ।” ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਐਪਲ ਟਰੰਪ ਦੇ ਟੈਰਿਫ ਹਮਲਿਆਂ ਦੇ ਆਪਣੀ ਸਪਲਾਈ ਚੇਨ, ਵਿਕਰੀ ਅਤੇ ਮੁਨਾਫੇ ਦੇ ਮਾਰਜਿਨ ‘ਤੇ ਪੈਣ ਵਾਲੇ ਪ੍ਰਭਾਵ ਨਾਲ ਨਜਿੱਠਣ ਦੇ ਤਰੀਕਿਆਂ ‘ਤੇ ਵਿਚਾਰ ਕਰ ਰਿਹਾ ਹੈ।
ਚੀਨ ਵਿੱਚ ਹੈ ਆਈਫੋਨ ਦਾ ਜ਼ਿਆਦਾਤਰ ਉਤਪਾਦਨ
ਐਪਲ ਆਪਣੇ ਜ਼ਿਆਦਾਤਰ ਆਈਫੋਨ ਦਾ ਉਤਪਾਦਨ ਚੀਨ ਵਿੱਚ ਕਰਦੀ ਹੈ ਅਤੇ ਅਮਰੀਕਾ ਵਿੱਚ ਉਸਦਾ ਕੋਈ ਸਮਾਰਟਫੋਨ ਉਤਪਾਦਨ ਨਹੀਂ ਹੈ। ਐਪਲ ਅਤੇ ਉਸਦੇ ਸਪਲਾਇਰਾਂ ਨੇ ਚੀਨ ਤੋਂ ਇਲਾਵਾ ਇੱਕ ਨਵਾਂ ਕੇਂਦਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ, ਜੋ ਪ੍ਰਕਿਰਿਆ ਉਦੋਂ ਸ਼ੁਰੂ ਹੋਈ ਜਦੋਂ ਕੋਵਿਡ-19 ਲੌਕਡਾਊਨ ਨੇ ਉਸਦੇ ਸਭ ਤੋਂ ਵੱਡੇ ਪਲਾਂਟ ਵਿੱਚ ਉਤਪਾਦਨ ਨੂੰ ਨੁਕਸਾਨ ਪਹੁੰਚਾਇਆ। ਟਰੰਪ ਦੁਆਰਾ ਲਗਾਏ ਗਏ ਟੈਰਿਫ ਅਤੇ ਬੀਜਿੰਗ-ਵਾਸ਼ਿੰਗਟਨ ਤਣਾਅ ਦੇ ਚੱਲਦਿਆਂ ਐਪਲ ਨੇ ਭਾਰਤ ਨੂੰ ਨਵਾਂ ਉਤਪਾਦਨ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਵਿਚਾਰ ਕੀਤਾ।