ਅਮਰੀਕੀ ਸਿਆਸਤ ‘ਚ ਭੂਚਾਲ, ਹਾਰ ਨੂੰ ਜਿੱਤ ‘ਚ ਬਦਲਣ ਲਈ ਟਰੰਪ ਵੱਲੋਂ ਦਬਾਅ ਪਾਉਣ ਵਾਲਾ ਆਡੀਓ ਵਾਇਰਲ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਚੋਣਾਂ ‘ਚ ਵੋਟਾਂ ਦੀ ਗਿਣਤੀ ਦੌਰਾਨ ਹਾਰ ਵੱਲ ਵਧਦਾ ਦੇਖ ਕੇ ਜੌਰਜੀਆ ਦੇ ਸੀਨੀਅਰ ਚੋਣ ਅਧਿਕਾਰੀ ਨੂੰ ਫੋਨ ਕਰਕੇ ਚੋਣ ਨਤੀਜੇ ਬਦਲਣ ਲਈ ਦਬਾਅ ਪਾਇਆ ਸੀ। ਟਰੰਪ ਨੇ ਚੋਣ ਅਧਿਕਾਰੀ ਨੂੰ ਕਿਹਾ ਕਿ ਉਹ ਇਸ ਦੱਖਣੀ ਸੂਬੇ ‘ਚ ਉਨ੍ਹਾਂ ਦੀ ਹਾਰ ਨੂੰ ਜਿੱਤ ਵਿਚ ਬਦਲਣ ਦੇ ਲਈ ਲੋੜੀਂਦਾ ਵੋਟਾਂ ਦੀ ਭਾਲ ਕਰਨ।

ਅਮਰੀਕੀ ਮੀਡੀਆ ‘ਚ ਆਈ ਆਡੀਓ ਵਿਚ ਟਰੰਪ ਵਾਰ-ਵਾਰ ਬਰਾਡ ਰਫੇਨਸਪੇਰਗਰ ‘ਤੇ ਇਸ ਗੱਲ ਦੇ ਲਈ ਦਬਾਅ ਪਾ ਰਹੇ ਹਨ ਕਿ ਉਹ ਬਾਇਡਨ ਦੀ ਬਜਾਏ ਉਨ੍ਹਾਂ ਨੂੰ ਜੇਤੂ ਐਲਾਨ ਕਰਨ। ਟਰੰਪ ਨੇ ਕਿਹਾ, ਮੈਂ ਬਸ ਇਹੀ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਕਰੋ। ਮੈਂ ਸਿਰਫ 11,780 ਵੋਟਾਂ ਦੀ ਭਾਲ ‘ਚ ਹਾਂ, ਇਹ ਜੋ ਸਾਡੇ ਕੋਲ ਹਨ, ਉਹ ਇਸ ਤੋਂ ਜ਼ਿਆਦਾ ਹਨ। ਟਰੰਪ ਨੇ ਕਿਹਾ, ਤੁਸੀਂ ਜਾਣਦੇ ਹੋ ਕਿ ਇਸ ਵਿਚ ਕੁਝ ਗਲਤ ਨਹੀਂ ਹੈ ਕਿ ਤੁਸੀਂ ਸਿਰਫ ਵੋਟਾਂ ਦੀ ਮੁੜ ਤੋਂ ਗਿਣਤੀ ਕਰਨੀ ਹੈ।

ਅਮਰੀਕੀ ਮੀਡੀਆ ਵਿਚ ਇਸ ਫੋਨ ਕਾਲ ਦਾ ਆਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ। ਦਰਅਸਲ, ਅਮਰੀਕੀ ਰਾਸ਼ਟਰਪਤੀ ਟਰੰਪ ਚੋਣਾਂ ਵਿਚ ਹਾਰ ਤੋਂ ਬਾਅਦ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਜੋਅ ਬਾਇਡਨ ਦੇ ਹੱਥੀਂ ਉਨਾਂ ਦੀ ਹਾਰ ਵੱਡੇ ਪੱਧਰ ‘ਤੇ ਵੋਟਾਂ ਦੀ ਗੜਬੜੀ ਦੇ ਕਾਰਨ ਹੋਈ ਹੈ। ਟਰੰਪ ਦੇ ਇਸ ਦਾਅਵੇ ਨੂੰ ਰਾਜਾਂ ਅਤੇ ਸੰਘੀ ਚੋਣ ਅਧਿਕਾਰੀ ਅਤੇ ਕਈ ਅਦਾਲਤਾਂ ਨੇ ਖਾਰਜ ਕਰ ਦਿੱਤਾ ਹੈ।

ਟਰੰਪ ਨੇ ਜੌਰਜੀਆ ਦੇ ਸੈਕਟਰੀ ਆਫ਼ ਸਟੇਟ ਅਤੇ ਰਿਪਬਲਿਕਨ ਆਗੂ ਬਰਾਡ ਰਫੇਨਸਪੇਰਗਰ ਨੂੰ ਇਹ ਫੋਨ ਕਾਲ ਅਜਿਹੇ ਸਮੇਂ ਤੇ ਕੀਤੀ ਸੀ ਜਦ ਅਮਰੀਕੀ ਕਾਂਗਰਸ ਵਿਚ ਉਨਾਂ ਦੇ ਕੁਝ ਸਹਿਯੋਗੀਆਂ ਨੇ ਬਾਈਡਨ ਦੀ ਜਿੱਤ ਦਾ ਰਸਮੀ ਪ੍ਰਮਾਣ ਪੱਤਰ ਦੇਣ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਈਡਨ ਨੂੰ 306 ਅਤੇ ਟਰੰਪ ਨੂੰ 232 ਵੋਟਾਂ ਮਿਲੀਆਂ ਸਨ ਇਹੀ ਨਹੀਂ ਬਾਈਡਨ ਨੂੰ ਟਰੰਪ ਦੇ ਮੁਕਾਬਲੇ 70 ਲੱਖ ਜ਼ਿਆਦਾ ਵੋਟ ਮਿਲੇ ਸੀ।

ਉਧਰ ਇਸ ਆਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਸਿਆਸਤ ‘ਚ ਇੱਕ ਵਾਰ ਮੁੜ ਤੋਂ ਪਾਰਾ ਗਰਮ ਹੋ ਗਿਆ। ਟਰੰਪ ਅਤੇ ਬਰਾਡ ਦੇ ਆਫ਼ਿਸ ਨੇ ਇਸ ਆਡੀਓ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Share This Article
Leave a Comment