ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ 2020 ‘ਚ ਟਰੰਪ ਨੂੰ ਲੈ ਕੇ ਇੱਕ ਰਿਪੋਰਟ ‘ਚ ਵੱਡਾ ਖੁਲਾਸਾ ਹੋਇਆ ਹੈ। ਜਿਸ ‘ਚ ਇਹ ਸਾਹਮਣੇ ਅਇਆ ਹੈ ਕਿ ਚੋਣ ਹਾਰਨ ਤੋਂ ਬਾਅਦ ਟਰੰਪ ਇੰਨਾ ਪਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਨੇ ਅਮਰੀਕੀ ਫੌਜ ਦੇ ਉੱਚ ਅਧਿਕਾਰੀ ਨੂੰ ਵੋਟਿੰਗ ਮਸ਼ੀਨਾਂ ਜ਼ਬਤ ਕਰਨ ਦੇ ਆਦੇਸ਼ ਦੇ ਦਿੱਤੇ ਸਨ। ਅਮਰੀਕੀ ਨੈਸ਼ਨਲ ਆਰਕਾਈਵਜ਼ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਟਰੰਪ ਵੋਟਰਾਂ ਦੀ ਇੱਛਾ ਦੇ ਬਗੈਰ ਵੀ ਅਮਰੀਕੀ ਰਾਸ਼ਟਰਪਤੀ ਅਹੁਦੇ ‘ਤੇ ਬਣੇ ਰਹਿਣਾ ਚਾਹੁੰਦੇ ਸੀ।
ਵਾਈਟ ਹਾਊਸ ਵਲੋਂ ਇਹ ਆਦੇਸ਼ 16 ਦਸੰਬਰ 2020 ਨੂੰ ਲਿਖਤੀ ‘ਚ ਜਾਰੀ ਕੀਤੇ ਗਏ ਸਨ। ਇਨ੍ਹਾਂ ਆਦੇਸ਼ਾਂ ਤੋਂ ਇਲਾਵਾ ਇੱਕ ਵਿਸ਼ੇਸ਼ ਵਕੀਲ ਨੂੰ ਵੀ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਜੇਕਰ ਵੋਟਿੰਗ ਮਸ਼ੀਨ ਜ਼ਬਤ ਕਰਨ ਤੋ ਬਾਅਦ ਕੋਈ ਵਿਵਾਦ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨਾਲ ਨਜਿੱਠਿਆ ਜਾ ਸਕੇ,ਪਰ ਇਸ ਆਦੇਸ਼ ਵਿਚ ਕਿਸੇ ਦੇ ਦਸਤਖਤ ਨਹੀਂ ਹਨ।
ਇਸ ਤਿੰਨ ਪੇਜ ਦੇ ਲਿਖਤੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦਾ ਹੈ। ਰੱਖਿਆ ਸਕੱਤਰ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਮਸ਼ੀਨਾਂ ਨੁੂੰ ਜ਼ਬਤ ਕੀਤਾ ਜਾਵੇ। ਇਸ ਦਸਤਾਵੇਜ਼ ਵਿਚ ਹੈਕ ਕੀਤੀ ਗਈ ਵੋਟਿੰਗ ਮਸ਼ੀਨਾਂ ਦੇ ਬਾਰੇ ਵਿਚ ਵੀ ਬਹੁਤ ਕੁਝ ਹੈ ਕਿ ਕਿਸ ਤਰ੍ਹਾਂ ਸਾਬਕਾ ਰਾਸ਼ਟਰਪਤੀ ਨੇ ਵੋਟਾਂ ਦੀ ਗਿਣਤੀ ਵਧਾਉਣ ਦੇ ਲਈ ਸਾਜਿਸ਼ ਰਚੀ ਸੀ।