ਟਰੰਪ ਨੇ ਅੱਧ ਵਿਚਾਲੇ ਕਿਉਂ ਛੱਡਿਆ G-7 ਸੰਮੇਲਨ?

Global Team
2 Min Read

ਕੈਨੇਡਾ ਦੇ ਅਲਬਰਟਾ ਵਿੱਚ ਜਾਰੀ G7 ਸੰਮੇਲਨ ‘ਤੇ ਇਜ਼ਰਾਇਲ-ਇਰਾਨ ਸੰਘਰਸ਼ ਦਾ ਅਸਰ ਸਾਫ ਦਿਖਾਈ ਦਿੱਤਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਮੇਲਨ ਅਧ ਵਿਚਾਲੇ ਛੱਡ ਕੇ ਅਮਰੀਕਾ ਵਾਪਸ ਪਰਤਣ ਦਾ ਫੈਸਲਾ ਕੀਤਾ। ਵ੍ਹਾਈਟ ਹਾਊਸ ਮੁਤਾਬਕ, ਮੱਧ ਪੂਰਬ ਵਿੱਚ ਵਧਦੇ ਤਣਾਅ ਕਾਰਨ ਟਰੰਪ ਨੇ ਇਹ ਕਦਮ ਚੁੱਕਿਆ। ਟਰੰਪ ਨੇ ਕਿਹਾ, “ਮੈਂ ਜੰਗਬੰਦੀ ਲਈ ਨਹੀਂ, ਸਗੋਂ ਵੱਡੇ ਮਾਮਲੇ ਲਈ ਵਾਸ਼ਿੰਗਟਨ ਵਾਪਸ ਜਾ ਰਿਹਾ ਹਾਂ।”

ਸੰਮੇਲਨ ਦੇ ਪਹਿਲੇ ਦਿਨ G7 ਦੇਸ਼ਾਂ ਨੇ ਸਾਂਝੇ ਬਿਆਨ ਵਿੱਚ ਇਜ਼ਰਾਇਲਦੀ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਮਿਲਣੇ ਚਾਹੀਦੇ।

G7 ਦਾ ਵਿਸਥਾਰ: ਟਰੰਪ ਦਾ ਸੁਝਾਅ

ਟਰੰਪ ਨੇ ਸੰਮੇਲਨ ਦੌਰਾਨ G7 ਨੂੰ G8 ਜਾਂ G9 ਬਣਾਉਣ ਦਾ ਪ੍ਰਸਤਾਵ ਦਿੱਤਾ, ਜਿਸ ਵਿੱਚ ਰੂਸ ਅਤੇ ਚੀਨ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਰੂਸ ਨੂੰ G8 ਤੋਂ ਬਾਹਰ ਕੱਢਣਾ ਗਲਤ ਸੀ, ਜਿਸ ਕਾਰਨ ਪੁਤਿਨ ਨੂੰ ਅਪਮਾਨ ਮਹਿਸੂਸ ਹੋਇਆ। ਟਰੰਪ ਮੁਤਾਬਕ, ਜੇ ਰੂਸ G8 ਦਾ ਹਿੱਸਾ ਹੁੰਦਾ, ਤਾਂ ਯੂਕਰੇਨ ‘ਤੇ ਹਮਲਾ ਅਤੇ ਜੰਗ ਸ਼ਾਇਦ ਨਾ ਹੁੰਦੀ। ਉਨ੍ਹਾਂ ਨੇ ਇਸ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ।

ਟਰੰਪ ਨੇ ਚੀਨ ਨੂੰ ਵੀ G7 ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ, ਕਿਹਾ ਕਿ ਅਜਿਹੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਗੱਲਬਾਤ ਲਈ ਮੌਕਾ ਮਿਲਣਾ ਚਾਹੀਦਾ।

ਯੂਕਰੇਨ ‘ਤੇ ਰੂਸ ਦਾ ਹਮਲਾ

ਸੋਮਵਾਰ ਰਾਤ ਨੂੰ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਹਮਲਾ ਕੀਤਾ, ਜਿਸ ਵਿੱਚ 14 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ ਹੋਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ G7 ਸੰਮੇਲਨ ਵਿੱਚ ਰੂਸ ਦੀ ਭਾਗੀਦਾਰੀ ਦਾ ਵਿਰੋਧ ਕਰਦਿਆਂ ਇਸ ਨੂੰ “ਸ਼ੁੱਧ ਅੱਤਵਾਦ” ਕਰਾਰ ਦਿੱਤਾ। ਜ਼ੇਲੇਂਸਕੀ ਨੇ ਅਮਰੀਕਾ, ਯੂਰਪ ਅਤੇ ਪੂਰੀ ਦੁਨੀਆ ਨੂੰ ਇਸ ਦਾ ਜਵਾਬ ਦੇਣ ਦੀ ਅਪੀਲ ਕੀਤੀ।

ਟਰੰਪ ਦੀ ਅਚਾਨਕ ਵਾਪਸੀ ਕਾਰਨ ਜ਼ੇਲੇਂਸਕੀ ਨਾਲ ਉਨ੍ਹਾਂ ਦੀ ਮੁਲਾਕਾਤ ਰੱਦ ਹੋ ਗਈ, ਜਿਸ ਵਿੱਚ ਹਥਿਆਰਾਂ ਦੀ ਖਰੀਦ ‘ਤੇ ਚਰਚਾ ਹੋਣੀ ਸੀ।

Share This Article
Leave a Comment