ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ’ਤੇ ਨਵੀਆਂ ਪਾਬੰਦੀਆਂ ਲਾਉਣ ਨਾਲ ਸਬੰਧਤ ਦਸਤਾਵੇਜ਼ ’ਤੇ ਫਿਲਹਾਲ ਦਸਤਖ਼ਤ ਨਾ ਕਰਨ ਦਾ ਕਾਰਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਕਰਵਾਉਣ ਲਈ ਗੱਲਬਾਤ ਚੱਲ ਰਹੀ ਹੈ ਅਤੇ ਉਹ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ, ਜਿਸ ਨਾਲ ਰੂਸ ਗੱਲਬਾਤ ਤੋਂ ਪਿੱਛੇ ਹਟ ਜਾਵੇ। ਟਰੰਪ ਨੇ ਇਹ ਵੀ ਕਿਹਾ ਕਿ ਰੂਸ ਇਸ ਵੇਲੇ ਇਰਾਨ ਦੀ ਓਨੀ ਮਦਦ ਨਹੀਂ ਕਰ ਰਿਹਾ, ਜਿੰਨੀ ਉਹ ਕਰ ਸਕਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਹ ਸਥਿਤੀ ਬਣੀ ਰਹੇ।
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਇਹ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਚੰਗੀ ਪ੍ਰਗਤੀ ਹੋ ਰਹੀ ਹੈ। ਉਨ੍ਹਾਂ ਮੁਤਾਬਕ, ਬੰਧਕਾਂ ਦੇ ਮੁੱਦੇ ’ਤੇ ਵੀ ਗੱਲਬਾਤ ਜਾਰੀ ਹੈ। ਟਰੰਪ ਨੇ ਕਿਹਾ ਕਿ ਜੇਕਰ ਉਹ ਇਸ ਸਮੇਂ ਪਾਬੰਦੀਆਂ ਵਾਲੇ ਦਸਤਾਵੇਜ਼ ’ਤੇ ਦਸਤਖ਼ਤ ਕਰਦੇ ਹਨ ਤਾਂ ਇਸ ਦਾ ਸ਼ਾਂਤੀ ਵਾਰਤਾ ’ਤੇ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਾਅਦ ਵਿੱਚ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਸਮੇਂ ਇਸ ’ਤੇ ਦਸਤਖ਼ਤ ਕਰ ਸਕਦੇ ਹਨ।
ਯੂਕਰੇਨ ਦੇ ਹਮਲਿਆਂ ਕਾਰਨ ਡੀਜ਼ਲ ਬਾਜ਼ਾਰ ਪ੍ਰਭਾਵਿਤ ਹੋਣ ਦਾ ਦਾਅਵਾ
ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ’ਤੇ ਰੂਸ ਦੀਆਂ ਡੀਜ਼ਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਕਾਰਨ ਦੁਨੀਆ ਭਰ ਵਿੱਚ ਡੀਜ਼ਲ ਦੀ ਸਪਲਾਈ ਅਤੇ ਬਾਜ਼ਾਰ ’ਤੇ ਮਾੜਾ ਅਸਰ ਪੈ ਰਿਹਾ ਹੈ, ਜਿਸ ਦਾ ਪ੍ਰਭਾਵ ਅਮਰੀਕਾ ’ਤੇ ਵੀ ਪੈ ਰਿਹਾ ਹੈ।
ਟਰੰਪ ਮੁਤਾਬਕ, ਕਿਸਾਨਾਂ, ਪਸ਼ੂ ਪਾਲਕਾਂ ਅਤੇ ਹੋਰ ਕਾਰੋਬਾਰੀਆਂ ਨੂੰ ਇਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਰੂਸ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਦੁਨੀਆ ਨੂੰ ਘੱਟ ਕੀਮਤ ’ਤੇ ਲੱਖਾਂ ਬੈਰਲ ਡੀਜ਼ਲ ਵੇਚ ਰਿਹਾ ਹੈ।
ਜ਼ੇਲੈਂਸਕੀ ’ਤੇ ਜੰਗ ਖ਼ਤਮ ਨਾ ਕਰਨ ਦਾ ਦੋਸ਼
ਅਮਰੀਕੀ ਰਾਸ਼ਟਰਪਤੀ ਨੇ ਜ਼ੇਲੈਂਸਕੀ ’ਤੇ ਜੰਗ ਖ਼ਤਮ ਕਰਨ ਵਿੱਚ ਦਿਲਚਸਪੀ ਨਾ ਦਿਖਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੂੰ ਦੋ ਸਾਲ ਪਹਿਲਾਂ ਮੌਜੂਦਾ ਹਾਲਾਤਾਂ ਨਾਲੋਂ ਬਿਹਤਰ ਸ਼ਾਂਤੀ ਸਮਝੌਤਾ ਮਿਲ ਸਕਦਾ ਸੀ।
ਟਰੰਪ ਨੇ ਯੂਰਪੀ ਦੇਸ਼ਾਂ ਵੱਲੋਂ ਯੂਕਰੇਨ ਨੂੰ ਦਿੱਤੀ ਜਾ ਰਹੀ ਵੱਡੀ ਵਿੱਤੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ’ਤੇ ਵੀ ਯੂਕਰੇਨ ਨੂੰ ਪੈਸਾ ਦੇਣ ਦਾ ਦੋਸ਼ ਲਾਇਆ।
ਟਰੰਪ ਨੇ ਦਾਅਵਾ ਕੀਤਾ ਕਿ ਯੂਕਰੇਨ ਦਾ ਵੱਡਾ ਹਿੱਸਾ ਤਬਾਹ ਹੋ ਚੁੱਕਾ ਹੈ ਅਤੇ ਉਸ ਦੀ ਕਾਫ਼ੀ ਜ਼ਮੀਨ ਉਸ ਦੇ ਕਬਜ਼ੇ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਨੇ ਦੇਸ਼ ਦੀ ਸਮੁੰਦਰ ਤੱਕ ਪਹੁੰਚ ਖ਼ਤਮ ਹੋਣ ਅਤੇ ਮਰਦ ਆਬਾਦੀ ਵਿੱਚ ਕਮੀ ਆਉਣ ਦੀ ਗੱਲ ਵੀ ਕਹੀ। ਉਨ੍ਹਾਂ ਮੁਤਾਬਕ, ਵੱਡੀ ਗਿਣਤੀ ਵਿੱਚ ਯੂਕਰੇਨੀ ਮਰਦ ਜ਼ਖ਼ਮੀ ਹੋਏ ਹਨ ਜਾਂ ਮਾਰੇ ਗਏ ਹਨ।
ਟਰੰਪ ਨੇ ਅੰਤ ਵਿੱਚ ਦੁਹਰਾਇਆ ਕਿ ਉਹ ਰੂਸ-ਯੂਕਰੇਨ ਜੰਗ ਖ਼ਤਮ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੇ ਬਿਆਨ ਮੁਤਾਬਕ, ਫਿਲਹਾਲ ਉਨ੍ਹਾਂ ਦੀ ਤਰਜੀਹ ਰੂਸ ਨਾਲ ਗੱਲਬਾਤ ਜਾਰੀ ਰੱਖਣਾ ਹੈ, ਤਾਂ ਜੋ ਸ਼ਾਂਤੀ ਸਮਝੌਤੇ ਦੀਆਂ ਕੋਸ਼ਿਸ਼ਾਂ ਪ੍ਰਭਾਵਿਤ ਨਾ ਹੋਣ।

