ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਟਰੰਪ ਐਚ-1ਬੀ ਵੀਜ਼ਾ ਸਸਪੈਂਡ ਕਰਨ ‘ਤੇ ਵਿਚਾਰ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ, ਕਿਉਂਕਿ ਭਾਰਤ ਵਿੱਚ ਹਜ਼ਾਰਾਂ ਆਈਟੀ ਪੇਸ਼ੇਵਰਾਂ ਦਾ ਇਸ ਵੀਜ਼ਾ ਦੇ ਜ਼ਰੀਏ ਅਮਰੀਕਾ ਜਾਂਦੇ ਹਨ। ਰਿਪੋਰਟਾਂ ਦੇ ਮੁਤਾਬਕ, ਕੋਰੋਨਾ ਵਾਇਰਸ ਸੰਕਟ ਕਾਰਨ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਦੇ ਮੱਦੇਨਜ਼ਰ ਐਚ-1ਬੀ ਅਤੇ ਕੁੱਝ ਹੋਰ ਵੀਜ਼ਾ ਨੂੰ ਸਸਪੈਂਡ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਵਾਲ ਸਟਰੀਟ ਜਰਨਲ ਦੀ ਇੱਕ ਖਬਰ ਅਨੁਸਾਰ ਐਚ-1ਬੀ ਅਤੇ ਕੁੱਝ ਹੋਰ ਵੀਜ਼ਾ ਲਈ ਇਹ ਪ੍ਰਸਤਾਵਿਤ ਸਸਪੈਂਸ਼ਨ ਅਮਰੀਕਾ ਵਿੱਚ ਬਾਹਰ ਤੋਂ ਆਉਣ ਵਾਲੇ ਪੇਸ਼ੇਵਰਾਂ ਨੂੰ ਵੱਡਾ ਝੱਟਕਾ ਦੇ ਸਕਦਾ ਹੈ। ਪ੍ਰਸਤਾਵਿਤ ਸਸਪੈਂਸ਼ਨ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਰਕਾਰ ਦੇ ਨਵੇਂ ਵਿੱਤੀ ਸਾਲ ਵਿੱਚ ਵੱਧ ਸਕਦਾ ਹੈ, ਜਦੋਂ ਕਈ ਨਵੇਂ ਵੀਜ਼ਾ ਜਾਰੀ ਕੀਤੇ ਜਾਂਦੇ ਹਨ।
ਹਾਲਾਂਕਿ ਵ੍ਹਾਈਟ ਹਾਉਸ ਵੱਲੋਂ ਇਸ ‘ਤੇ ਸਫਾਈ ਦਿੰਦੇ ਹੋਏ ਕਿਹਾ ਗਿਆ ਹੈ ਕਿ ਹੁਣ ਇਸ ਵਿਸ਼ੇ ਵਿੱਚ ਕੋਈ ਫ਼ੈਸਲਾ ਨਹੀਂ ਹੋਇਆ ਹੈ ਅਤੇ ਪ੍ਰਸ਼ਾਸਨ ਵੱਖ ਵੱਖ ਪ੍ਰਸਤਾਵਾਂ ‘ਤੇ ਵਿਚਾਰ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਆਪਣੇ ਬਿਆਨ ਵਿੱਚ ਇਸ ਖਬਰ ਦਾ ਖੰਡਨ ਨਹੀਂ ਕੀਤਾ ਅਜਿਹੇ ਵਿੱਚ ਭਾਰਤੀ ਪੇਸ਼ੇਵਰਾਂ ਲਈ ਕੋਰੋਨਾ ਕਾਲ ਵਿੱਚ ਇੱਕ ਹੋਰ ਪਰੇਸ਼ਾਨੀ ਖੜੀ ਹੋ ਗਈ ਹੈ।
ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਇਸ ਸਮੇਂ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਜੂਝ ਰਿਹਾ ਹੈ। ਅਮਰੀਕਾ ਵਿੱਚ ਬੇਰੁਜ਼ਗਾਰੀ ਦਾ ਅੰਕੜਾ ਰਿਕਾਰਡ ਪਾਰ ਕਰ ਚੁੱਕਿਆ ਹੈ। ਅਜਿਹੇ ਵਿੱਚ ਸਰਕਾਰ ‘ਤੇ ਕਾਫ਼ੀ ਦਬਾਅ ਹੈ ਦੂਜੇ ਪਾਸੇ ਵਿਰੋਧੀ ਧਿਰ ਵੀ ਬੇਰੁਜ਼ਗਾਰੀ ਦੇ ਮੁੱਦੇ ਉੱਤੇ ਟਰੰਪ ਨੂੰ ਘੇਰ ਰਹੀ ਹੈ। ਅਜਿਹੇ ਵਿੱਚ ਟਰੰਪ ਪ੍ਰਸ਼ਾਸਨ ਕੁੱਝ ਸਖਤ ਕਦਮ ਚੁੱਕਣ ਨੂੰ ਮਜਬੂਰ ਨਜ਼ਰ ਆ ਰਿਹਾ ਹੈ।