ਅਮਰੀਕਾ ‘ਚ ਗ੍ਰੀਨ ਕਾਰਡ ਹੋਲਡਰਾਂ ‘ਤੇ ਵੱਡੀ ਕਾਰਵਾਈ! 50 ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ, ਜਾਣੋ ਕਿੰਨੀ ਲੰਬੀ ਹੈ ਲਿਸਟ

Global Team
3 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਗ੍ਰੀਨ ਕਾਰਡ ਹੋਲਡਰਾਂ ਲਈ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਹੁਣ ਹਜ਼ਾਰਾਂ ਗ੍ਰੀਨ ਕਾਰਡ ਧਾਰਕਾਂ ਦੇ ਕੇਸਾਂ ਦੀ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਰਕਾਰ ਘੱਟੋ-ਘੱਟ 50 ਕਾਨੂੰਨੀ ਸਥਾਈ ਨਿਵਾਸੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਰਹੀ ਹੈ।

ਗ੍ਰੀਨ ਕਾਰਡ ਹੋਲਡਰਾਂ ਦੀ ਮੁੜ ਜਾਂਚ ਕਿਉਂ?

ਇਹ ਪੂਰੀ ਕਾਰਵਾਈ USCIS ਯਾਨੀ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸਜ਼ ਦੇ ਇੱਕ ਨਵੇਂ ਡਿਵੀਜ਼ਨ ਵੱਲੋਂ ਕੀਤੀ ਜਾ ਰਹੀ ਹੈ, ਜਿਸਨੂੰ “ਟੈਕਟਿਕਲ ਓਪਰੇਸ਼ਨਜ਼ ਡਿਵੀਜ਼ਨ” ਕਿਹਾ ਜਾਂਦਾ ਹੈ। ਇਸ ਵਿੱਚ “LPR Operations”, “Denaturalisation” ਅਤੇ “Refugee Revetting” ਵਰਗੀਆਂ ਟੀਮਾਂ ਸ਼ਾਮਲ ਹਨ। LPR ਦਾ ਮਤਲਬ Lawful Permanent Resident ਯਾਨੀ ਗ੍ਰੀਨ ਕਾਰਡ ਹੋਲਡਰ ਹੁੰਦਾ ਹੈ।

ਰਿਪੋਰਟ ਮੁਤਾਬਕ ਅਧਿਕਾਰੀ ਪੁਰਾਣੇ ਇਮੀਗ੍ਰੇਸ਼ਨ ਦਸਤਾਵੇਜ਼, ਅਪਰਾਧਿਕ ਰਿਕਾਰਡ ਅਤੇ ਹੋਰ ਜਾਣਕਾਰੀਆਂ ਦੀ ਜਾਂਚ ਕਰ ਰਹੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਸੇ ਨੇ ਧੋਖਾਧੜੀ ਕੀਤੀ ਸੀ ਜਾਂ ਨਹੀਂ। ਕਿਹਾ ਜਾ ਰਿਹਾ ਹੈ ਕਿ ਹਜ਼ਾਰਾਂ ਹੋਰ ਲੋਕਾਂ ਦੇ ਕੇਸ ਵੀ ਜਾਂਚ ਲਈ ਚੁਣੇ ਜਾ ਚੁੱਕੇ ਹਨ।

ਕਿਹੜੇ ਮਾਮਲਿਆਂ ’ਚ ਹੋ ਸਕਦੀ ਹੈ ਕਾਰਵਾਈ?

USCIS ਦੇ ਬੁਲਾਰੇ ਜੈਕ ਕਾਹਲਰ ਨੇ ਕਿਹਾ ਕਿ ਏਜੰਸੀ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਸਕ੍ਰੀਨਿੰਗ ਕਰ ਰਹੀ ਹੈ। ਉਨ੍ਹਾਂ ਮੁਤਾਬਕ, ਕੁਝ ਲੋਕਾਂ ’ਤੇ ਘਰੇਲੂ ਹਿੰਸਾ, ਨਸ਼ਿਆਂ ਨਾਲ ਜੁੜੇ ਕੇਸ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹੋਰ ਅਪਰਾਧਾਂ ਦੇ ਦੋਸ਼ ਹਨ। ਕੁਝ ਲੋਕਾਂ ’ਤੇ ਇਮੀਗ੍ਰੇਸ਼ਨ ਦੌਰਾਨ ਝੂਠੀ ਜਾਣਕਾਰੀ ਦੇਣ ਦੇ ਵੀ ਦੋਸ਼ ਹਨ।

ਹਾਲਾਂਕਿ ਹੁਣ ਤੱਕ ਜਾਂਚੇ ਗਏ ਜ਼ਿਆਦਾਤਰ ਕੇਸਾਂ ਵਿੱਚ ਕੋਈ ਕਾਰਵਾਈ ਦੀ ਲੋੜ ਨਹੀਂ ਮੰਨੀ ਗਈ। 2,890 ਕੇਸਾਂ ਵਿੱਚੋਂ ਲਗਭਗ 80 ਫੀਸਦੀ ਨੂੰ “No Further Action” ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਪਰ 500 ਤੋਂ ਵੱਧ ਕੇਸਾਂ ਦੀ ਜਾਂਚ ਜਾਰੀ ਹੈ।

ਮਾਹਰਾਂ ਨੇ ਚੁੱਕੇ ਸਵਾਲ

ਕੁਝ ਸਾਬਕਾ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਮੁਹਿੰਮ ’ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ USCIS ਪਹਿਲਾਂ ਹੀ ਲੱਖਾਂ ਪੈਂਡਿੰਗ ਅਰਜ਼ੀਆਂ ਦੇ ਬੋਝ ਹੇਠ ਹੈ ਅਤੇ ਅਜਿਹੇ ਵਿੱਚ ਪੁਰਾਣੇ ਮਨਜ਼ੂਰਸ਼ੁਦਾ ਕੇਸਾਂ ਦੀ ਮੁੜ ਜਾਂਚ ਕਰਨਾ ਸਰੋਤਾਂ ਦੀ ਸਹੀ ਵਰਤੋਂ ਨਹੀਂ ਹੈ।

ਕੀ ਗ੍ਰੀਨ ਕਾਰਡ ਹੋਣ ਦੇ ਬਾਵਜੂਦ ਡਿਪੋਰਟ ਕੀਤਾ ਜਾ ਸਕਦਾ ਹੈ?

ਅਮਰੀਕੀ ਕਾਨੂੰਨ ਮੁਤਾਬਕ, ਗੰਭੀਰ ਅਪਰਾਧ ਜਾਂ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਵਿੱਚ ਗ੍ਰੀਨ ਕਾਰਡ ਹੋਲਡਰ ਵੀ ਆਪਣਾ ਦਰਜਾ ਗੁਆ ਸਕਦੇ ਹਨ। ਹਾਲਾਂਕਿ ਡਿਪੋਰਟੇਸ਼ਨ ਆਪਣੇ ਆਪ ਨਹੀਂ ਹੁੰਦੀ। ਅਜਿਹੇ ਲੋਕਾਂ ਨੂੰ ਇਮੀਗ੍ਰੇਸ਼ਨ ਜੱਜ ਅੱਗੇ ਆਪਣਾ ਪੱਖ ਰੱਖਣ ਦਾ ਮੌਕਾ ਮਿਲਦਾ ਹੈ।

ਇਸ ਨਵੀਂ ਕਾਰਵਾਈ ਨੂੰ ਟਰੰਪ ਪ੍ਰਸ਼ਾਸਨ ਦੀ ਵੱਡੀ ਇਮੀਗ੍ਰੇਸ਼ਨ ਸਖ਼ਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਕਈ ਸਾਲਾਂ ਤੋਂ ਕਾਨੂੰਨੀ ਤੌਰ ’ਤੇ ਰਹਿ ਰਹੇ ਪਰਵਾਸੀਆਂ ਵਿੱਚ ਵੀ ਚਿੰਤਾ ਵਧ ਗਈ ਹੈ।

Share This Article
Leave a Comment