ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਮਹਾਦੋਸ਼ ਦੇ ਦੋਸ਼ਾਂ ਵਿੱਚ ਘਿਰੇ ਡੋਨਲਡ ਟਰੰਪ ਨੂੰ ਅਮਰੀਕੀ ਸੈਨੇਟ ਨੇ ਰਾਹਤ ਦੇ ਦਿੱਤੀ ਹੈ। ਅਮਰੀਕਾ ਦੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਹਾਦੋਸ਼ ਟਰਾਇਲ ‘ਚ ਸਾਰੇ ਦੋਸ਼ਾਂ ‘ਚ ਕਲੀਨ ਚਿਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਂਗਰਸ ‘ਚ ਰੁਕਾਵਟ ਪਾਉਣ ਦੇ ਇਲਜ਼ਾਮ ਵਿੱਚ ਵੀ ਬਰੀ ਕਰ ਦਿੱਤਾ ਗਿਆ ਹੈ।
ਸੈਨੇਟ ਵਿੱਚ ਅੱਜ ਟਰੰਪ ਮਹਾਦੋਸ਼ ਦੇ ਪ੍ਰਸਤਾਵ ‘ਤੇ ਮਤਦਾਨ ਹੋਇਆ, ਜਿਸ ਤੋਂ ਬਾਅਦ ਸੈਨੇਟ ਵੱਲੋਂ ਇਹ ਫੈਸਲਾ ਲਿਆ ਗਿਆ। ਬੁੱਧਵਾਰ ਨੂੰ ਹੋਏ ਟਰਾਇਲ ਵਿੱਚ ਪਹਿਲਾਂ 52-48 ਵੋਟਾਂ ਦੇ ਅੰਤਰ ਨਾਲ ਟਰੰਪ ਨੂੰ ਤਾਕਤ ਦਾ ਦੁਰਉਪਯੋਗ ਕਰਨ ਦੇ ਮਾਮਲੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ। ਇਸ ਤੋਂ ਬਾਅਦ ਮਹਾਦੋਸ਼ ਦੇ ਦੂੱਜੇ ਇਲਜ਼ਾਮ, ਕਾਂਗਰਸ ਦੇ ਕੰਮ ਵਿੱਚ ਅੜ੍ਹਚਨ ਪਹੁੰਚਾਉਣ ਦੇ ਦੋਸ਼ ਵਿੱਚ ਟਰੰਪ 53 – 47 ਵੋਟਾਂ ਦੇ ਅੰਤਰ ਨਾਲ ਬਰੀ ਹੋਏ।
ਦੱਸ ਦਈਏ ਕਿ ਟਰੰਪ ਦੀ ਰਿਪਬਲਿਕਨ ਪਾਰਟੀ ਕੋਲ ਚੈਂਬਰ ਵਿੱਚ 53 – 47 ਦੇ ਅੰਤਰ ਨਾਲ ਬਹੁਮਤ ਹੈ ਅਤੇ ਦੋਸ਼ ਸਾਬਤ ਹੋਣ ਲਈ ਦੋ ਤਿਹਾਈ ਬਹੁਮਤ ਜ਼ਰੂਰੀ ਸੀ। ਅਜਿਹੇ ਵਿੱਚ ਜੇਕਰ ਸਾਰੇ ਡੈਮੋਕਰੇਟ ਟਰੰਪ ਨੂੰ ਦੋਸ਼ੀ ਠਹਰਾਉਣ ਲਈ ਵੋਟ ਕਰਦੇ ਤਾਂ ਵੀ ਟਰੰਪ ਨੂੰ ਦੋਸ਼ੀ ਠਹਿਰਾਉਣ ਅਤੇ ਅਹੁਦਾ ਛੱਡਣ ਲਈ 20 ਹੋਰ ਵੋਟਾਂ ਦੀ ਜ਼ਰੂਰਤ ਹੁੰਦੀ।
ਇਸਤੋਂ ਪਹਿਲਾਂ ਟਰੰਪ ਨੇ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਮਹਾਦੋਸ਼ ਦੇ ਵਿੱਚ ‘ਸਟੇਟ ਆਫ ਦ ਯੂਨੀਅਨ ਐਡਰੇਸ’ ਦੇ ਤਹਿਤ ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਸਤਰ ਨੂੰ ਸੰਬੋਧਿਤ ਕੀਤਾ ਸੀ। ਇਹ ਟਰੰਪ ਦਾ ਤੀਜਾ ਸਟੇਟ ਆਫ ਦ ਯੂਨੀਅਨ ਸੰਬੋਧਨ ਸੀ।