ਓਟਾਵਾ: ਇਸ ਹਫਤੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਟਲੀ ਤੇ ਸਕਾਟਲੈਂਡ ਵਿੱਚ ਹੋਣ ਜਾ ਰਹੀ ਜੀ-20 ਆਗੂਆਂ ਦੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਯੂਰਪ ਜਾਣਗੇ।ਇੱਥੇ ਟਰੂਡੋ ਕੈਨੇਡਾ ਦੇ ਕਲਾਈਮੇਟ ਚੇਂਜ ਤੇ ਮਹਾਂਮਾਰੀ ਤੋਂ ਬਾਅਦ ਤੇਜ਼ੀ ਨਾਲ ਕੈਨੇਡਾ ਵੱਲੋਂ ਕੀਤੀ ਗਈ ਰਿਕਵਰੀ ਬਾਰੇ ਹੋਰਨਾਂ ਆਗੂਆਂ ਨੂੰ ਜਾਣੂ ਕਰਵਾਉਣਗੇ।
ਟਰੂਡੋ ਦਾ ਇਹ 6 ਰੋਜ਼ਾ ਦੌਰਾ ਨੀਦਰਲੈਂਡ ਦੇ ਸਰਕਾਰੀ ਦੌਰੇ ਨਾਲ ਤੇ ਡੱਚ ਪ੍ਰਧਾਨ ਮੰਤਰੀ ਮਾਰਕ ਰੱਟ ਨਾਲ ਮੀਟਿੰਗਜ਼ ਕਰਕੇ ਹੋਵੇਗਾ।ਇੱਥੋਂ ਉਹ ਜੀ-20 ਆਗੂਆਂ ਦੀ ਸਿਖਰ ਵਾਰਤਾ ਲਈ ਰੋਮ ਜਾਣਗੇ। ਮਹਾਂਮਾਰੀ ਤੋਂ ਬਾਅਦ ਦੁਨੀਆ ਦੇ ਸੱਭ ਤੋਂ ਵੱਡੇ ਅਰਥਚਾਰਿਆਂ ਦੇ ਆਗੂਆਂ ਦੀ ਇਹ ਪਹਿਲੀ ਇਨ ਪਰਸਨ ਮੀਟਿੰਗ ਹੋਵੇਗੀ।ਇਸ ਦੌਰਾਨ ਕੋਵਿਡ-19 ਰਿਕਵਰੀ ਤੇ ਵੈਕਸੀਨ ਦੀ ਵੰਡ ਵਰਗੇ ਮੁੱਦੇ ਏਜੰਡੇ ਉੱਤੇ ਸੱਭ ਤੋਂ ਉੱਪਰ ਹੋਣਗੇ। ਇਸ ਦੇ ਨਾਲ ਹੀ ਕੈਨੇਡਾ ਸਮੇਤ ਦੁਨੀਆ ਦੇ ਸੱਭ ਤੋਂ ਅਮੀਰ ਮੁਲਕਾਂ ਉੱਤੇ ਇਹ ਦਬਾਅ ਵੀ ਪਾਇਆ ਜਾ ਸਕਦਾ ਹੈ ਕਿ ਉਹ ਬਾਕੀ ਦੁਨੀਆ ਨੂੰ ਵੈਕਸੀਨੇਟ ਕਰਨ ਵਿੱਚ ਮਦਦ ਕਰਨ। ਜੀ-20 ਦਾ ਮੁੱਖ ਕੇਂਦਰ ਕਲਾਈਮੇਟ ਚੇਂਜ ਵੀ ਹੋਵੇਗਾ। ਜੀ-20 ਵਾਰਤਾ, ਸਕਾਟਲੈਂਡ ਵਿੱਚ ਕਲਾਈਮੇਟ ਬਾਰੇ ਸੰਯੁਕਤ ਰਾਸ਼ਟਰ ਦੀ ਸ਼ੁਰੂ ਹੋਣ ਵਾਲੀ ਗੱਲਬਾਤ ਤੋਂ ਠੀਕ ਪਹਿਲਾਂ ਹੋਣ ਜਾ ਰਹੀ ਹੈ।ਇਸ ਗੱਲਬਾਤ ਲਈ ਪਹਿਲੇ ਦੋ ਦਿਨ ਟਰੂਡੋ ਗਲਾਸਗੋਅ ਜਾਣਗੇ ਤੇ ਫਿਰ ਕੈਨੇਡਾ ਪਰਤਣਗੇ।