ਟੋਰਾਂਟੋ : ਕੈਨੇਡਾ ‘ਚ ਵਾਪਰੇ ਸੜਕ ਹਾਦਸੇ ‘ਚ ਦੋਸ਼ੀ ਪਾਏ ਗਏ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਲ 2016 ‘ਚ ਜੂਨ ਮਹੀਨੇ ਨੂੰ ਓਂਟਾਰੀਓ ਦੇ ਹਾਈਵੇਅ 400 ‘ਤੇ ਤਿੰਨ ਟਰੱਕਾਂ ਸਣੇ ਕੁੱਲ 11 ਗੱਡੀਆਂ ਦੀ ਟੱਕਰ ਹੋਈ ਤੇ ਇਨ੍ਹਾਂ ‘ਚੋਂ ਇਕ ਟਰੱਕ ਸਰਬਜੀਤ ਸਿੰਘ ਮਠਾੜੂ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮਠਾੜੂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਜਦੋਂ ਉਸ ਦਾ ਟਰੱਕ ਇੱਕ ਕਾਰ ਨਾਲ ਟਕਰਾਇਆ, ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਮਠਾੜੂ ਨੂੰ ਅਪ੍ਰੈਲ ਮਹੀਨੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਮਠਾੜੂ ਦੀ ਡਰਾਈਵਿੰਗ ਕਰਨ ‘ਤੇ 10 ਸਾਲ ਦੀ ਰੋਕ ਵੀ ਲਾਈ ਗਈ ਹੈ। ਓਂਟਾਰੀਓ ਦੀ ਸੁਪੀਰੀਅਰ ਅਦਾਲਤ ਦੇ ਜਸਟਿਸ ਮਾਈਕਲ ਕੋਡ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਮਠਾੜੂ ਡਰਾਈਵਿੰਗ ਦੌਰਾਨ ਫ਼ੋਨ ‘ਤੇ ਗੱਲਾਂ ਵੀ ਕਰਦਾ ਸੀ ਤੇ ਡਰਾਈਵਿੰਗ ਲੌਗ ਨਾਲ ਵੀ ਛੇੜਛਾੜ ਕੀਤੀ ਹੋਈ ਸੀ।
ਹਾਦਸੇ ਦੌਰਾਨ ਮ੍ਰਿਤਕਾਂ ‘ਚੋਂ ਤਿੰਨ ਇੱਕ ਹੀ ਪਰਵਾਰ ਨਾਲ ਸਬੰਧਤ ਸਨ, ਜਿਨ੍ਹਾਂ ਦੀ ਪਛਾਣ 55 ਸਾਲ ਦੀ ਜਮਾਇਲ ਵੋਕਸ਼ੀ (Xhemile Vokshi), ਉਸ ਦੀ 35 ਸਾਲਾ ਧੀ ਵਾਲਬੋਨਾ ਵੋਕਸ਼ੀ (Valbona Vokshi) ਅਤੇ ਪੰਜ ਸਾਲ ਦੀ ਪੋਤੀ ਇਸਾਬੇਲਾ (Isabela Kuci) ਵਜੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਚੌਥੀ ਮ੍ਰਿਤਕ ਦੀ ਪਛਾਣ 27 ਸਾਲ ਦੀ ਮਾਰੀਆ ਲਿਪਸਕਾ ( Maria Lipska) ਵਜੋਂ ਕੀਤੀ ਗਈ।