ਫਾਜ਼ਿਲਕਾ: ਇੱਥੇ ਟਰੱਕ ਅਤੇ ਟਰੈਕਟਰ ਵਿਚਾਲੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
ਇਹ ਹਾਦਸਾ ਫ਼ਾਜ਼ਿਲਕਾ ਜਲਾਲਾਬਾਦ ਰੋਡ ‘ਤੇ ਪਿੰਡ ਜੱਟ ਵਾਲੀ ਵਿਖੇ ਵਾਪਰਿਆ। ਇਸ ਹਾਈਵੇ ‘ਤੇ ਟਰੈਕਟਰ ‘ਤੇ ਸਵਾਰ ਪੰਜ ਲੋਕ ਪਿੰਡ ਜੱਟ ਵਾਲੀ ਵੱਲ ਨੂੰ ਆ ਰਹੇ ਸਨ। ਜਿਸ ਦੌਰਾਨ ਸਾਹਮਣੇ ਤੋਂ ਇੱਕ ਤੇਜ਼ ਰਫਤਾਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ।
ਹਾਦਸੇ ਦੌਰਾਨ ਟਰੈਕਟਰ ਦੇ ਪਰਖੱਚੇ ਉੱਡ ਗਏ। ਟਰੈਕਟਰ ‘ਤੇ ਸਵਾਰ ਪੰਜ ਲੋਕਾਂ ਵਿੱਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਤਿੰਨ ਜ਼ਖਮੀਆਂ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਇਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।