ਨਿਊਯਾਰਕ : ਅਮਰੀਕਾ ਦੇ ਇੰਡੀਆਨਾ ਸੂਬੇ ਦੀ ਪੁਲਿਸ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਸਣੇ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ 32 ਸਾਲਾ ਵਿਕਰਮ ਸੰਧੂ ਵਜੋਂ ਹੋਈ ਹੈ। ਵਿਕਰਮ ਦੇ ਟਰੱਕ ਚੋਂ 115 ਪਾਊਂਡ ਦੇ ਕਰੀਬ ਕੋਕੀਨ ਬਰਾਮਦ ਕੀਤੀ ਗਈ ਜਿਸ ਸਬੰਧੀ ਜਾਣਕਾਰੀ ਇੰਡੀਆਨਾ ਪੁਲਿਸ ਵੱਲੋ ਦਿੱਤੀ ਗਈ ਹੈ।
ਵਿਕਰਮ ਸੰਧੂ ਜਦੋਂ ਬੀਤੇ ਦਿਨੀਂ ਆਪਣਾ ਟਰੱਕ ਲੈ ਕੇ ਹਿਊਸਟਨ ਟੈਕਸਾਸ ਤੋਂ ਇੰਡੀਅਨਾਪੋਲੀਸ ਨੂੰ ਜਾ ਰਿਹਾ ਸੀ, ਉਸੇ ਦੌਰਾਨ ਪੁਲਿਸ ਨੇ ਉਸ ਨੂੰ ਰੋਡ ਸਾਇਡ ਜਾਂਚ ਲਈ ਇੰਟਰਸਟੇਟ ਹਾਈਵੇਅ-70 ਦੇ ਮੀਲ ਮਾਰਕਰ ਰੋਡ-41 ਉੱਤੇ ਰੁਕਣ ਦਾ ਇਸ਼ਾਰਾ ਕੀਤਾ।
ਜਾਂਚ ਦੌਰਾਨ ਉਸ ਦੇ ਟਰੱਕ ’ਚ ਬਣੇ ਸੋਣ ਵਾਲੇ ਹਿੱਸੇ ’ਚੋਂ ਸ਼ੱਕੀ ਕੋਕੀਨ ਬਰਾਮਦ ਹੋਈ। ਵਜ਼ਨ ਕਰਨ ’ਤੇ ਉਸ ਦਾ ਭਾਰ 115 ਪਾਊਂਡ ਦੱਸਿਆ ਗਿਆ।
ਇਹ ਘਟਨਾ 9 ਜਨਵਰੀ ਨੂੰ ਸ਼ਾਮ ਪੌਣੇ 6 ਵਜੇ ਵਾਪਰੀ। ਫੜੀ ਗਈ ਕੋਕੀਨ ਦੀ ਬਾਜ਼ਾਰੀ ਕੀਮਤ 2 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਪੁਲਿਸ ਨੇ ਵਿਕਰਮਸੰਧੂ ਨੂੰ ਗ੍ਰਿਫਤਾਰ ਕਰਕੇ ਇੰਡੀਆਨਾ ਸੂਬੇ ਦੀ ਪਟਨਮ ਕਾਊਂਟੀ ਜੇਲ ‘ਚ ਬੰਦ ਕਰ ਦਿੱਤਾ ਹੈ।