ਸਾਬਕਾ DIG ਭੁੱਲਰ ਦੀਆਂ ਵਧੀਆਂ ਮੁਸ਼ਕਲਾਂ, CBI ਨੂੰ ਮਿਲਿਆ ਵਿਚੋਲੇ ਕ੍ਰਿਸ਼ਨੂ ਦਾ ਰਿਮਾਂਡ, ਹੁਣ ਚੈਟ ਤੇ ਡਾਟਾ ਹੋਵੇਗਾ ਰਿਕਵਰ

Global Team
2 Min Read

ਚੰਡੀਗੜ੍ਹ: ਭ੍ਰਿਸ਼ਟਾਚਾਰ ਮਾਮਲੇ ਵਿੱਚ ਫਸੇ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ  ਹਰਚਰਨ ਸਿੰਘ ਭੁੱਲਰ ਲਈ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਸੀਬੀਆਈ ਨੇ ਵਿਚੋਲੇ ਕ੍ਰਿਸ਼ਨੂ ਦਾ ਪਹਿਲੀ ਵਾਰ 9 ਦਿਨਾਂ ਦਾ ਰਿਮਾਂਡ ਲਿਆ ਹੈ। ਇਹ ਰਿਮਾਂਡ ਉਸ ਸਮੇਂ ਲਿਆ ਗਿਆ ਜਦੋਂ ਭੁੱਲਰ ਦੀ 14 ਦਿਨਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਵਿੱਚ ਸਿਰਫ਼ ਦੋ ਦਿਨ ਬਾਕੀ ਹਨ। ਭੁੱਲਰ ਨੂੰ 31 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸੇ ਦੌਰਾਨ ਸੀਬੀਆਈ ਨੇ ਭੁੱਲਰ ਦੀਆਂ ਸੰਪਤੀਆਂ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਉਸਦੇ ਪਰਿਵਾਰ ਨਾਲ ਪੁੱਛਗਿੱਛ ਵੀ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਭੁੱਲਰ ਨੂੰ ਵੀ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਬੁੜੈਲ ਜੇਲ੍ਹ ਵਿੱਚ ਕ੍ਰਿਸ਼ਨੂ ਨਾਲ ਮਿਲਣ ਵਾਲਿਆਂ ਦੀ ਡਾਟਾ-ਰਿਪੋਰਟ ਵੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ ਹੈ, ਜਿਵੇਂ ਸੀਬੀਆਈ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ।

ਮੁਲਜ਼ਮ ਕ੍ਰਿਸ਼ਨੂ ਦੇ ਵਕੀਲ ਨੇ ਸਰਕਾਰੀ ਵਕੀਲ ਗੁਰਵੀਰ ਸਿੰਘ ਸੰਧੂ ਵੱਲੋਂ ਮੰਗੇ ਗਏ ਰਿਮਾਂਡ ਦਾ ਵਿਰੋਧ ਕੀਤਾ। ਉਹਨਾਂ ਨੇ ਦਲੀਲ ਦਿੱਤੀ ਕਿ ਕ੍ਰਿਸ਼ਨੂ ਹਾਕੀ ਦਾ ਰਾਸ਼ਟਰੀ ਖਿਡਾਰੀ ਹੈ ਅਤੇ ਉਸਦਾ ਉੱਚ ਵਰਗ ਦੇ ਲੋਕਾਂ ਨਾਲ ਮਿਲਣਾ-ਜੁਲਣਾ ਆਮ ਗੱਲ ਹੈ, ਇਸ ਲਈ ਉਸਦੇ ਮੋਬਾਈਲ ‘ਚ ਅਧਿਕਾਰੀਆਂ ਦੇ ਨੰਬਰ ਹੋਣ ਕੋਈ ਅਪਰਾਧ ਨਹੀਂ। ਵਕੀਲ ਨੇ ਇਹ ਵੀ ਕਿਹਾ ਕਿ ਸੀਬੀਆਈ ਹੁਣ ਤਕ ਉਸ ਤੋਂ ਕੋਈ ਸਬੂਤ ਜਾਂ ਬਰਾਮਦਗੀ ਨਹੀਂ ਕਰ ਸਕੀ, ਇਸ ਲਈ ਰਿਮਾਂਡ ਦੀ ਲੋੜ ਨਹੀਂ।

ਦੂਜੇ ਪਾਸੇ, ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਮੁਲਜ਼ਮ ਤੋਂ 100 ਜੀ.ਬੀ. ਡਾਟਾ ਰਿਕਵਰ ਕਰਨਾ ਹੈ, ਕਿਉਂਕਿ ਉਸਦੇ ਮੋਬਾਈਲ ‘ਚੋਂ ਮਿਲੀਆਂ ਚੈਟਾਂ ਵਿੱਚ ਕਈ ਮਹੱਤਵਪੂਰਨ ਗੱਲਾਂ ਦਾ ਜ਼ਿਕਰ ਹੈ। ਜੇ ਉਸ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਮਾਮਲਾ ਹੋਰ ਮਜ਼ਬੂਤ ਹੋ ਸਕਦਾ ਹੈ। ਸੀਬੀਆਈ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭੁੱਲਰ ਨਾਲ ਜੁੜੀਆਂ ਕੜੀਆਂ (ਲਿੰਕਸ) ਦੀ ਭਾਲ ਵੀ ਕਰਨੀ ਹੈ।

16 ਅਕਤੂਬਰ 2025 ਨੂੰ ਸੀਬੀਆਈ ਨੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਇੱਕ ਵਪਾਰੀ ਤੋਂ ਰਿਸ਼ਵਤ ਲੈਣ ਦੇ ਇਲਜ਼ਾਮਾਂ ‘ਚ ਗ੍ਰਿਫ਼ਤਾਰ ਕੀਤਾ ਸੀ। ਉਸਦੇ ਘਰੋਂ 7.5 ਕਰੋੜ ਰੁਪਏ ਨਕਦ, ਮਹਿੰਗੀਆਂ ਘੜੀਆਂ ਅਤੇ ਕਈ ਲਾਕਰਾਂ ਦੇ ਦਸਤਾਵੇਜ਼ ਮਿਲੇ ਸਨ। ਉਸਦੇ ਕੋਲ ਕਈ ਬੇਨਾਮੀ ਜਾਇਦਾਦਾਂ ਦੇ ਕਾਗਜ਼ ਵੀ ਮਿਲੇ ਹਨ, ਅਤੇ ਖੁਲਾਸਾ ਹੋਇਆ ਹੈ ਕਿ ਉਸਦੀ ਜਾਇਦਾਦ ਦੇਸ਼ ਅਤੇ ਵਿਦੇਸ਼ ਦੋਵੇਂ ਥਾਵਾਂ ‘ਤੇ ਮੌਜੂਦ ਹੈ।

Share This Article
Leave a Comment