-ਅਸ਼ਵਨੀ ਚਤਰਥ
ਅੱਜ ਸਦੀ ਦਾ ਮਹਾਂਨਾਇਕ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਪਰ ਖੇਡ ਜਗਤ ਵਿੱਚ ਜਦੋਂ ਵੀ ਕਦੇ ਓਲੰਪਿਕ ਦੀ ਗੱਲ ਹੋਵੇਗੀ ਤਾਂ ਹਾਕੀ ਦੇ ਇਸ ਮਹਾਨ ਖਿਡਾਰੀ ਦਾ ਜ਼ਿਕਰ ਬੜੇ ਮਾਣ ਨਾਲ ਹੁੰਦਾ ਰਹੇਗਾ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੰਨ 1928 ਤੋਂ 1956 ਤੱਕ ਦਾ ਸਮਾਂ ਭਾਰਤੀ ਹਾਕੀ ਦਾ ਸੁਨਹਿਰੀ ਯੁਗ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਅਰਸੇ ਦੌਰਾਨ ਭਾਰਤ ਦੀ ਟੀਮ ਛੇ ਵਾਰ ਸੋਨ ਤਗ਼ਮਾ ਜਿੱਤੀ ਸੀ। ਉਂਜ ਜ਼ਿਕਰਯੋਗ ਹੈ ਕਿ ਸੰਨ 1940 ਅਤੇ 1944 ਵਿੱਚ ਹਾਕੀ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਭਾਰਤੀ ਹਾਕੀ ਨੂੰ ਪ੍ਰਫੁੱਲਿਤ ਕਰਨ ਅਤੇ ਤਿੰਨ ਵਾਰ ਲਗਾਤਾਰ ਸੋਨ ਤਗ਼ਮੇ ਜਿਤਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਦਾ ਯੋਗਦਾਨ ਅਮੋਲਕ ਮੰਨਿਆ ਜਾਂਦਾ ਹੈ। ਉਹ ਆਪਣੇ ਸਮੇਂ ਵੀ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਅਨੇਕਾਂ ਖਿਡਾਰੀਆਂ ਲਈ ਪ੍ਰੇਰਨਾ ਦਾ ਵੱਡਾ ਸ੍ਰੋਤ ਰਿਹਾ ਸੀ।
ਸਦੀ ਦੇ ਮਹਾਂਨਾਇਕ ਬਲਬੀਰ ਸਿੰਘ ਸੀਨੀਅਰ ਦਾ ਜਨਮ ਉੱਘੇ ਆਜ਼ਾਦੀ ਘੁਲਾਟੀਏ ਸ.ਦਲੀਪ ਸਿੰਘ ਦੋਸਾਂਝ ਦੇ ਘਰ 10 ਅਕਤੂਬਰ, 1924 ਨੂੰ ਤਹਿਸੀਲ ਫਿਲੌਰ ਦੇ ਪਿੰਡ ਹਰੀਪੁਰ ਖ਼ਾਲਸਾ ਵਿਖੇ ਹੋਇਆ ਸੀ। ਮੋਗਾ ਦੀਆਂ ਮੰਨੀਆਂ ਪ੍ਰਮੰਨੀਆਂ ਵਿੱਦਿਅਕ ਸੰਸਥਾਵਾਂ ਅਤੇ ਨੈਸ਼ਨਲ ਕਾਲਜ ਲਾਹੌਰ ਤੋਂ ਸਿੱਖਿਆ ਹਾਸਿਲ ਕਰਨ ਵਾਲੇ ਇਸ ਮਹਾਨ ਖਿਡਾਰੀ ਨੇ ਇਨ੍ਹਾ ਸੰਸਥਾਵਾਂ ਲਈ ਹਾਕੀ ਵੀ ਖੇਡੀ ਸੀ। ਆਖ਼ਦੇ ਨੇ ਕਿ ਹੀਰੇ ਦੀ ਪਛਾਣ ਜੌਹਰੀ ਨੂੰ ਹੀ ਹੁੰਦੀ ਹੈ ਤੇ ਇਸੇ ਪ੍ਰਥਾਇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਹਾਕੀ ਕੋਚ ਤੇ ਨਾਮਵਰ ਖਿਡਾਰੀ ਹਰਬੀਰ ਸਿੰਘ ਨੇ ਬਲਬੀਰ ਦੇ ਹੁਨਰ ਨੂੰ ਪਛਾਣਦਿਆਂ ਉਸਨੂੰ ਖ਼ਾਲਸਾ ਕਾਲਜ ਵਿੱਚ ਲੈ ਆਂਦਾ। ਪਹਿਲਾਂ ਇੱਕ ਵਧੀਆ ਸੈਂਟਰ ਫਾਰਵਰਡ ਖਿਡਾਰੀ ਵਜੋਂ ਨਾਮਣਾ ਖੱਟ ਚੁੱਕੇ ਬਲਬੀਰ ਦੀ ਖੇਡ ਵਿੱਚ ਖ਼ਾਲਸਾ ਕਾਲਜ ਵਿਖੇ ਖੇਡਦਿਆਂ ਕਾਫੀ ਨਿਖਾਰ ਆਇਆ ਤੇ ਫਿਰ ਉਸਦੀ ਚੋਣ ਪੰਜਾਬ ਯੂਨੀਵਰਸਿਟੀ ਲਈ ਹੋ ਗਈ ਸੀ। ਬਲਬੀਰ ਦੀ ਕਪਤਾਨੀ ਵਿੱਚ ਯੂਨੀਵਰਸਿਟੀ ਨੇ ਸੰਨ 1943 ਅਤੇ 1945 ਦੀਆਂ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਖੇਡਾਂ ਵਿੱਚ ਜਿੱਤ ਹਾਸਿਲ ਕੀਤੀ। ਅਣਵੰਡੇ ਪੰਜਾਬ ਵੱਲੋਂ ਖੇਡਦਿਆਂ ਉਸਦੀ ਟੀਮ ਨੇ ਸੰਨ 1947 ਵਿੱਚ ਕੌਮੀ ਚੈਂਪੀਅਨਸ਼ਿਪ ਵੀ ਜਿੱਤ ਲਈ ਸੀ।
ਸੰਨ 1947 ਵਿੱਚ ਹੋਈ ਮੁਲਕ ਵੰਡ ਤੋਂ ਬਾਅਦ ਬਲਬੀਰ ਸਿੰਘ ਪਰਿਵਾਰ ਸਮੇਤ ਲੁਧਿਆਣਾ ਵਿਖੇ ਆ ਵਸਿਆ ਸੀ ਤੇ ਪੰਜਾਬ ਪੁਲੀਸ ਵਿੱਚ ਭਰਤੀ ਹੋ ਗਿਆ ਸੀ। ਸੰਨ 1948 ਦੀਆਂ ਓਲੰਪਿਕ ਖੇਡਾਂ ਲਈ ਬਣੀ ਭਾਰਤੀ ਹਾਕੀ ਟੀਮ ਲਈ ਉਸਦੀ ਚੋਣ ਹੋ ਗਈ। ਲੰਦਨ ਵਿਖੇ ਅਰਜਨਟੀਨਾ ਦੀ ਟੀਮ ਦੇ ਖ਼ਿਲਾਫ਼ ਖੇਡਦਿਆਂ ਬਲਬੀਰ ਸਿੰਘ ਨੇ ਆਪਣੀ ਖੇਡ ਕਲਾ ਦੇ ਜੌਹਰ ਰੱਜ ਰੱਜ ਕੇ ਵਿਖਾਏ ਤੇ ਬਰਤਾਨੀਆ ਦੀ ਟੀਮ ਖ਼ਿਲਾਫ਼ ਫਾਈਨਲ ਮੈਚ ਖੇਡਦਿਆਂ ਭਾਰਤ ਵੱਲੋਂ ਪਹਿਲੇ ਦੋ ਗੋਲ ਸ਼ਾਨਦਾਰ ਢੰਗ ਨਾਲ ਕਰਕੇ ਉਸਨੇ ਦਰਸ਼ਕਾਂ ਦੇ ਮਨ ਮੋਹ ਲਏ। ਇੱਥੇ ਹੀ ਬਸ ਨਹੀਂ ਭਾਰਤ ਦੀ ਟੀਮ ਨੇ 4-0 ਦੇ ਫ਼ਰਕ ਨਾਲ ਵਿਰੋਧੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਹਾਸਿਲ ਕਰ ਲਿਆ। ਸੰਨ 1952 ਦੀਆਂ ਓਲੰਪਿਕ ਖੇਡਾਂ ਵਿੱਚ ਉਸਨੇ ਬਤੌਰ ਉਪ-ਕਪਤਾਨ ਸ਼ਮੂਲੀਅਤ ਕੀਤੀ ਤੇ ਉਸਨੂੰ ਤਿਰੰਗਾ ਉਚਾ ਕਰਕੇ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਮਾਣ ਪ੍ਰਾਪਤ ਹੋਇਆ। ਇੱਥੇ ਵੀ ਬਰਤਾਨੀਆ ਖ਼ਿਲਾਫ਼ ਖੇਡਦਿਆਂ ਸੈਮੀਫ਼ਾਈਨਲ ਮੁਕਾਬਲੇ ਵਿੱਚ ਉਸਨੇ ਤਿੰਨ ਜ਼ਬਰਦਸਤ ਗੋਲ ਦਾਗ ਕੇ ਭਾਰਤ ਨੂੰ 3-1 ਦੇ ਫ਼ਰਕ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਫਾਈਨਲ ਮੈਚ ਵਿੱਚ ਵੀ ਹਾਲੈਂਡ ਦੇ ਖ਼ਿਲਾਫ਼ ਧੂੰਆਂਧਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਬਲਬੀਰ ਨੇ ਪੰਜ ਗੋਲ ਕਰਕੇ 6-1 ਦੇ ਫ਼ਰਕ ਨਾਲ ਭਾਰਤ ਦੇ ਸਿਰ ਜਿੱਤ ਦਾ ਤਾਜ ਸਜਾ ਦਿੱਤਾ। ਚੇਤੇ ਰਹੇ ਕਿ ਕਿਸੇ ਵੀ ਓਲੰਪਿਕ ਮੁਕਾਬਲੇ ਵਿੱਚ ਪੰਜ ਗੋਲਾਂ ਦਾ ਇਹ ਰਿਕਾਰਡ ਅੱਜ ਵੀ ਬਰਕਰਾਰ ਹੈ।
ਓਲੰਪਿਕ ਖੇਡਾਂ ਦੇ ਅਗਲਾ ਮਹਾਂਕੁੰਭ ਜਦੋਂ ਸੰਨ 1956 ਵਿੱਚ ਮੈਲਬੌਰਨ ਵਿਖੇ ਸਜਿਆ ਤਾਂ ਭਾਰਤੀ ਹਾਕੀ ਟੀਮ ਦਾ ਕਪਤਾਨ ਬਣ ਕੇ ਭਾਰਤੀ ਹਾਕੀ ਦਾ ਸ਼ੇਰ ਬਲਬੀਰ ਸਿੰਘ ਮੈਦਾਨ ਵਿੱਚ ਨਿੱਤਰ ਪਿਆ। ਉਸਨੇ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇ ਪਹਿਲੇ ਹੀ ਮੈਚ ਵਿੱਚ ਪੰਜ ਗੋਲ ਕਰ ਕੇ ਸਮੁੱਚੇ ਵਿਸ਼ਵ ਨੂੰ ਦਰਸਾ ਦਿੱਤਾ ਕਿ ਉਸਨੂੰ ਭਾਰਤੀ ਟੀਮ ਦੀ ਸਰਦਾਰੀ ਐਂਵੇਂ ਹੀ ਨਹੀਂ ਮਿਲੀ ਸੀ। ਇਸ ਮੈਚ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਨੂੰ ਕੁਝ ਦਿਨ ਖੇਡ ਤੋਂ ਬਾਹਰ ਰਹਿਣਾ ਪਿਆ ਪਰ ਫ਼ਾਈਨਲ ਮੈਚ ਵਿੱਚ ਪਾਕਿਸਤਾਨ ਦੀ ਟੀਮ ਨੂੰ ਧੂੜ ਚਟਾਉਂਦਿਆਂ ਹੋਇਆਂ ਉਸਨੇ ਸ਼ਾਨਦਾਰ ਖੇਡ ਖੇਡੀ ਤੇ ਭਾਰਤ ਨੂੰ ਸੋਨ ਤਗ਼ਮਾ ਦੁਆ ਕੇ ਭਾਰਤ ਦਾ ਡੰਕਾ ਪੂਰੀ ਦੁਨੀਆ ਵਿੱਚ ਵਜਾ ਦਿੱਤਾ।
ਸੰਨ 1948,1952 ਅਤੇ 1956 ਭਾਵ ਲਗਾਤਾਰ ਤਿੰਨ ਓਲੰਪਿਕ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿਤਾ ਕੇ ਬਲਬੀਰ ਸਿੰਘ ਨੇ ਭਾਰਤੀ ਹੀ ਨਹੀਂ ਸਗੋਂ ਦੁਨੀਆ ਦੇ ਇਤਿਹਾਸ ਵਿੱਚ ਇੱਕ ਸੁਨਹਿਰਾ ਪੰਨਾ ਜੜ ਦਿੱਤਾ ਸੀ।
ਸ.ਬਲਬੀਰ ਸਿੰਘ ਦੀਆਂ ਸ਼ਾਹਕਾਰ ਪ੍ਰਾਪਤੀਆਂ ਦਾ ਸਿਲਸਿਲਾ ਅਜੇ ਖ਼ਤਮ ਨਹੀਂ ਹੋਇਆ ਸੀ। ਸੰਨ 1957 ਵਿੱਚ ਭਾਰਤ ਸਰਕਾਰ ਨੇ ਉਸਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਜ਼ਿਕਰਯੋਗ ਹੈ ਕਿ ਕਿਸੇ ਵੀ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਇਹ ਪਹਿਲਾ ਪਦਮ ਸ੍ਰੀ ਪੁਰਸਕਾਰ ਸੀ। ਭਾਰਤ ਮਾਂ ਦਾ ਸਿਰ ਫ਼ਖ਼ਰ ਨਾਲ ਹੋਰ ਉਚਾ ਹੋ ਗਿਆ ਸੀ ਜਦੋਂ ਡੋਮਨੀਕ ਸਰਕਾਰ ਨੇ ਸੰਨ 1958 ਵਿੱਚ ਬਲਬੀਰ ਸਿੰਘ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕਰ ਦਿੱਤਾ ਸੀ।
ਸੰਨ 1958 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਚਾਂਦੀ ਦਾ ਤਗ਼ਮਾ ਦੁਆਉਣ ਦਾ ਸਿਹਰਾ ਵੀ ਬਲਬੀਰ ਸਿੰਘ ਦੇ ਸਿਰ ਹੀ ਬੱਝਿਆ ਸੀ। ਕਿਹਾ ਜਾਂਦਾ ਹੈ ਕਿ ਬਲਬੀਰ ਸਿੰਘ ਤਾਕਤ ਤੇ ਫੁਰਤੀ ਅਤੇ ਸੂਝ ਦਾ ਠਾਠਾਂ ਮਾਰਦਾ ਦਰਿਆ ਸੀ। ਉਮਰ ਭਰ ਅਣਥੱਕ ਮਿਹਨਤ ਕਰਨ ਵਾਲੇ ਇਸ ਮਹਾਨ ਖਿਡਾਰੀ ਨੂੰ ਭਾਰਤੀ ਟੀਮ ਦਾ ਕੋਚ ਤੇ ਵਿਸ਼ਵ ਕੱਪ ਦਾ ਮੈਨੇਜਰ ਬਣਨ ਦਾ ਮਾਣ ਵੀ ਹਾਸਿਲ ਹੋਇਆ ਸੀ। ਦਿੱਲੀ ਵਿਖੇ ਹੋਈਆਂ ਸੰਨ 1982 ਦੀਆਂ ਏਸ਼ੀਆਈ ਖੇਡਾਂ ਦੀ ਮਸ਼ਾਲ ਰੌਸ਼ਨ ਕਰਨ ਦਾ ਸੁਭਾਗ ਵੀ ਸ. ਬਲਬੀਰ ਸਿੰਘ ਦੇ ਹਿੱਸੇ ਹੀ ਆਇਆ ਸੀ। ਗ਼ੌਰਤਲਬ ਹੈ ਕਿ ਸੰਨ 1982 ਵਿੱਚ ‘ਪੈਟਰੀਆਟ’ ਅਖ਼ਬਾਰ ਨੇ ਉਸਨੂੰ ‘ਸਦੀ ਦਾ ਮਹਾਨ ਖਿਡਾਰੀ’ ਐਲਾਨ ਦਿੱਤਾ ਸੀ।
ਸੰਨ 2015 ਨੂੰ ਹਾਕੀ ਦੇ ਇਸ ਮਹਾਨ ਨਾਇਕ ਨੂੰ ‘ਮੇਜਰ ਧਿਆਨ ਚੰਦ ਲਾਈਫ਼ਟਾਈਮ ਐਚੀਵਮੈਂਟ ਐਵਾਰਡ’ ਨਾਲ ਵੀ ਨਿਵਾਜ਼ਿਆ ਗਿਆ ਸੀ। ਅਨੇਕਾਂ ਕੌਮੀ ਤੇ ਕੌਮਾਂਤਰੀ ਇਨਾਮਾਂ ਨਾਲ ਸਨਮਾਨਿਤ ਇਸ ਮਹਾਨ ਖਿਡਾਰੀ ਨੇ ‘ ਦਿ ਗੋਲਡਨ ਹੈਟ੍ਰਿਕ’ ਅਤੇ ‘ ਦਿ ਗੋਲਡਨ ਯਾਰਡ ਸਟਿਕ ‘ ਨਾਮਕ ਦੋ ਬੇਸ਼ਕੀਮਤੀ ਪੁਸਤਕਾਂ ਵੀ ਖੇਡ ਪ੍ਰੇਮੀਆਂ ਦੀ ਝੋਲ੍ਹੀ ਪਾਈਆਂ। 94 ਸਾਲ ਦੀ ਉਮਰ ਵਿੱਚ ਪੂਰੀ ਤਰ੍ਹਾ ਐਕਟਿਵ ਸ.ਬਲਬੀਰ ਸਿੰਘ ਦੀ ਸਿਹਤ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਤੇ ਸਮੁੱਚਾ ਖੇਡ ਜਗਤ ਤੇ ਉਨ੍ਹਾ ਦੇ ਪ੍ਰਸ਼ੰਸ਼ਕ ਉਨ੍ਹਾ ਦੀ ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਕਰ ਰਹੇ ਸਨ ਕਿ ਅੱਜ 25 ਮਈ ਨੂੰ ਹੋਣੀ ਦਗ਼ਾ ਕਮਾਅ ਗਈ ਤੇ ਭਾਰਤੀ ਹਾਕੀ ਦੇ ਇਸ ਮਹਾਂਨਾਇਕ ਨੂੰ ਸਦਾ ਲਈ ਸਾਥੋਂ ਖੋਹ ਕੇ ਲੈ ਗਈ।
ਸੰਪਰਕ : 62842-20595