ਵਾਸ਼ਿੰਗਟਨ: ਅਮਰੀਕਾ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦਿਆਂ ਮਿਆਦ ਲੰਘਾ ਚੁੱਕੇ ਪਾਸਪੋਰਟ ਧਾਰਕਾਂ ਨੂੰ ਵੀ ਮੁਲਕ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ।
ਵਿਦੇਸ਼ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਐਕਸਪਾਇਰਡ ਪਾਸਪੋਰਟ ਵਾਲੇ 31 ਮਾਰਚ 2022 ਤੱਕ ਅਮਰੀਕਾ ‘ਚ ਦਾਖ਼ਲ ਹੋ ਸਕਣਗੇ। ਵਿਭਾਗ ਵੱਲੋਂ ਇਸ ਰਿਆਇਤ ਨਾਲ ਕਈ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ। ਇਹ ਰਿਆਇਤ ਵਿਦੇਸ਼ਾਂ ‘ਚ ਮੌਜੂਦ ਉਨ੍ਹਾਂ ਅਮਰੀਕੀ ਨਾਗਰਿਕਾਂ ਲਈ ਐਲਾਨੀ ਗਈ ਹੈ ਜਿਨ੍ਹਾਂ ਦੇ ਪਾਸਪੋਰਟ ਪਹਿਲੀ ਜਨਵਰੀ 2020 ਤੋਂ ਬਾਅਦ ਐਕਪਾਇਰ ਹੋਏ।
ਇਸ ਤੋਂ ਇਲਾਵਾ ਐਕਸਪਾਇਰ ਪਾਸਪੋਰਟ ਦੀ ਅਸਲ ਮਿਆਦ 10 ਸਾਲ ਹੋਣੀ ਚਾਹੀਦੀ ਹੈ। 15 ਸਾਲ ਜਾਂ ਇਸ ਤੋਂ ਘੱਟ ਉਮਰ ਵਾਲਿਆਂ ਦੇ ਮਾਮਲੇ ਵਿਚ ਪੰਜ ਸਾਲ ਮਿਆਦ ਵਾਲੇ ਪਾਸਪੋਰਟ ਵੀ ਪ੍ਰਵਾਨ ਕੀਤੇ ਜਾਣਗੇ।
ਵਿਦੇਸ਼ ਵਿਭਾਗ ਵੱਲੋਂ ਇਹ ਗੱਲ ਖਾਸ ਤੌਰ `ਤੇ ਆਖੀ ਗਈ ਹੈ ਕਿ ਅਜਿਹ ਪਾਸਪੋਰਟਾਂ ਨਾਲ ਕਿਸੇ ਕਿਸਮ ਦੀ ਛੇੜ-ਛਾੜ ਨਾ ਕੀਤੀ ਗਈ ਹੋਵੇ। ਮੰਨਿਆ ਜਾ ਰਿਹਾ ਹੈ ਕਿ ਪਾਸਪੋਰਟ ਦੀ ਮਿਆਦ ਲੰਘਣ ਕਾਰਨ ਵਿਦੇਸ਼ਾਂ ਵਿਚ ਫਸੇ ਅਮਰੀਕਾ ਵਾਸੀਆਂ ਦੀ ਵਾਪਸੀ ਦਾ ਰਾਹ ਪੱਧਰਾ ਕਰਨ ਲਈ ਨਵੀਂ ਰਿਆਇਤ ਦਾ ਐਲਾਨ ਕੀਤਾ ਗਿਆ ਹੈ।