ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਫਾਲਤੂ ਸਮੱਗਰੀ ਤੋਂ ਸਜਾਵਟੀ ਵਸਤਾਂ ਬਨਾਉਣ ਸੰਬੰਧੀ ਦੋ ਵਿਸ਼ੇਸ਼ ਸਿਖਲਾਈ ਕੋਰਸ ਲਗਾਏ ਗਏ। ਇਹ ਕੋਰਸ ਲੁਧਿਆਣਾ ਜ਼ਿਲੇ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਹੋਏ। ਇਸ ਵਿੱਚ 50 ਦੇ ਕਰੀਬ ਪੇਂਡੂ ਸੁਆਣੀਆਂ ਨੇ ਸ਼ਾਮਿਲ ਹੋ ਕੇ ਘਰਾਂ ਦੀਆਂ ਵਾਧੂ ਚੀਜ਼ਾਂ ਤੋਂ ਸਜਾਵਟੀ ਵਸਤਾਂ ਬਨਾਉਣ ਦੇ ਗੁਰ ਪੀ.ਏ.ਯੂ. ਦੇ ਗ੍ਰਹਿ ਵਿਗਿਆਨੀਆਂ ਕੋਲੋਂ ਸਿੱਖੇ।
ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਕੁਲਵੀਰ ਕੌਰ ਨੇ ਇਸ ਮੌਕੇ ਕਿਹਾ ਕਿ ਖੇਤੀ ਦੀ ਵਾਧੂ ਸਮੱਗਰੀ ਵਿਸ਼ੇਸ਼ ਕਰਕੇ ਝੋਨੇ ਦੀ ਪਰਾਲੀ ਨੂੰ ਸਜਾਵਟੀ ਵਸਤਾਂ ਬਨਾਉਣ ਲਈ ਵਰਤਿਆ ਜਾ ਸਕਦਾ ਹੈ। ਉਹਨਾਂ ਨੇ ਘਰੇਲੂ ਪੱਧਰ ਤੇ ਟਾਈ ਅਤੇ ਡਾਈ ਤਕਨੀਕ ਦੇ ਮਹੱਤਵ ਬਾਰੇ ਗੱਲ ਕਰਦਿਆਂ ਸੁਆਣੀਆਂ ਨੂੰ ਇਸ ਤਕਨੀਕ ਦੇ ਲਾਭ ਗਿਣਾਏ। ਹੋਮ ਸਾਇੰਸ ਦੇ ਡੈਮੋਨਸਟ੍ਰੇਟਰ ਡਾ. ਕਮਲਪ੍ਰੀਤ ਕੌਰ ਨੇ ਵਾਧੂ ਪਲਾਸਟਿਕ ਬੋਤਲਾਂ ਦੀ ਵਰਤੋਂ ਨਾਲ ਸਜਾਵਟੀ ਵਸਤਾਂ ਬਨਾਉਣ ਅਤੇ ਪਰਾਲੀ ਦੀ ਵਰਤੋਂ ਕਰਕੇ ਸਜਾਵਟੀ ਵਸਤਾਂ ਬਨਾਉਣ ਦੇ ਤਰੀਕੇ ਦੱਸੇ।