ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਲੇਕ ਵੀਕਐਂਡ ‘ਤੇ ਲੋਕਾਂ ਲਈ ਖੋਲ੍ਹਣ ਦੇ ਦਿੱਤੇ ਆਦੇਸ਼

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਬੰਦ ਪਈ ਸੁਖਨਾ ਲੇਕ ਹੁਣ ਲੋਕਾਂ ਦੇ ਲਈ ਖੋਲ੍ਹ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਇਸ ‘ਤੇ ਫੈਸਲਾ ਲਿਆ ਗਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸੈਰ ਕਰਨ ਵਾਲੇ ਅਤੇ ਸੈਲਾਨੀਆਂ ਦੇ ਲਈ ਲੇਕ ਨੂੰ ਖੋਲ੍ਹ ਦਿੱਤਾ ਜਾਵੇ। ਸ਼ੁੱਕਰਵਾਰ ਨੂੰ ਵਾਰ ਰੂਮ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ ਜਿਸਦੇ ਵਿੱਚ ਇਹ ਤੈਅ ਕੀਤਾ ਗਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਲੇਕ ‘ਤੇ ਘੁੰਮਣ ਵਾਲਿਆਂ ਨੂੰ ਹੁਣ ਖੁੱਲ੍ਹ ਤਾਂ ਦੇ ਦਿੱਤੀ ਹੈ ਪਰ ਪੁਲਿਸ ਵੀ ਇੱਥੇ ਹਰ ਸਮੇਂ ਮੁਸਤੈਦ ਰਹੇਗੀ। ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੁਖਨਾ ਲੇਕ ਨੂੰ ਵੀਕੈਂਡ ‘ਤੇ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਲੇਕ ‘ਤੇ ਲੋਕ ਸਿਰਫ ਸੋਮਵਾਰ ਤੋਂ ਸ਼ੁੱਕਰਵਾਰ ਹੀ ਆ ਜਾ ਸਕਦੇ ਸਨ।

ਚੰਡੀਗੜ੍ਹ ਪ੍ਰਸ਼ਾਸਨ ਨੇ ਲੇਕ ਨੂੰ ਵੀਕੈਂਡ ਤੇ ਬੰਦ ਰੱਖਣ ਦਾ ਫੈਸਲਾ ਇਸ ਲਈ ਲਿਆ ਸੀ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰਾਂ ਵਿੱਚ ਜ਼ਿਆਦਾਤਰ ਛੁੱਟੀ ਹੁੰਦੀ ਸੀ। ਇਸ ਕਾਰਨ ਲੋਕ ਵੱਡੀ ਗਿਣਤੀ ‘ਚ ਸੁਖਨਾ ਲੇਕ ‘ਤੇ ਸੈਰ ਕਰਨ ਪਹੁੰਚਦੇ ਸਨ। ਇਸ ਦੌਰਾਨ ਵਾਇਰਸ ਦੇ ਫੈਲਣ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਸੀ।

Share this Article
Leave a comment