ਅੰਕਾਰਾ : ਅਫਰੀਕੀ ਦੇਸ਼ ਘਾਨਾ ਦੇ ਅਸ਼ਾਂਤ ਖੇਤਰ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 8 ਨਾਬਾਲਗ ਫੁੱਟਬਾਲ ਖਿਡਾਰੀਆਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪੁਲਿਸ ਮੋਟਰ ਟਰੈਫਿਕ ਐਂਡ ਟਰਾਂਸਪੋਰਟ ਵਿਭਾਗ ਦੇ ਕਮਾਂਡਰ ਐਡਮੰਡ ਨਿਆਮੇਕੇ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 12-15 ਸਾਲ ਦੀ ਉਮਰ ਦੇ ਫੁੱਟਬਾਲ ਖਿਡਾਰੀ ਅਸ਼ਾਂਤ ਖੇਤਰ ਦੇ ਅਫਰੈਚੋ ਤੋਂ ਵਾਪਿਸ ਪਰਤੇ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ 4 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ‘ਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਬਾਕੀ ਦੋ ਦਾ ਅਜੇ ਇਲਾਜ ਚੱਲ ਰਿਹਾ ਹੈ।
ਐਡਮੰਡ ਨਿਆਮੇਕੇ ਨੇ ਦੱਸਿਆ ਕਿ ਪੁਲਿਸ ਵੱਲੋਂ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।