ਜਲੰਧਰ-ਕਪੂਰਥਲਾ ਰੋਡ ’ਤੇ ਭਿਆਨਕ ਹਾਦਸਾ: PRTC ਬੱਸ ਦੀ ਟੱਕਰ ’ਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ

Global Team
2 Min Read

ਜਲੰਧਰ: ਜਲੰਧਰ ਦੇ ਕਪੂਰਥਲਾ ਰੋਡ ’ਤੇ ਮੰਗਲਵਾਰ ਸਵੇਰੇ ਮੰਡ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਅਨੁਸਾਰ, ਇੱਕ ਤੇਜ਼ ਰਫਤਾਰ ਪੀ.ਆਰ.ਟੀ.ਸੀ. ਬੱਸ ਸਾਹਮਣੇ ਤੋਂ ਆ ਰਹੇ ਇੱਕ ਛੋਟੇ ਹਾਥੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਛੋਟਾ ਹਾਥੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਉਸ ’ਚ ਸਵਾਰ ਤਿੰਨੇ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਸਬਜ਼ੀ ਵੇਚਣ ਵਾਲੇ ਈਸ਼ਵਰ ਲਾਲ, ਮੁਕੇਸ਼ ਅਤੇ ਡਰਾਈਵਰ ਰਾਕੇਸ਼ ਵਜੋਂ ਹੋਈ ਹੈ, ਜੋ ਕਪੂਰਥਲਾ ਦੇ ਰਹਿਣ ਵਾਲੇ ਸਨ ਅਤੇ ਮੂਲ ਰੂਪ ’ਚ ਬਿਹਾਰ ਦੇ ਵਸਨੀਕ ਸਨ। ਇਹ ਤਿੰਨੋਂ ਕਪੂਰਥਲਾ ’ਚ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਪੂਰਥਲਾ-ਜਲੰਧਰ ਸੜਕ ’ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਤੋਂ ਆਰੋਪੀ ਬੱਸ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਜਲੰਧਰ ਸਬਜ਼ੀ ਮੰਡੀ ਤੋਂ ਸਬਜ਼ੀਆਂ ਖਰੀਦਣ ਜਾ ਰਹੇ ਸਨ। ਜਦੋਂ ਉਹ ਮੰਡੀ ਨੇੜੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਉਨ੍ਹਾਂ ਦੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਛੋਟੇ ਹਾਥੀ ’ਚੋਂ ਬਾਹਰ ਕੱਢਿਆ ਗਿਆ।

ਪੁਲਿਸ ਦੀ ਕਾਰਵਾਈ

ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਲੰਬੇ ਸਮੇਂ ਤੋਂ ਹਾਦਸੇ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ।

Share This Article
Leave a Comment