ਸੰਗਰੂਰ: ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲਦੇ ਹੋਏ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ ਹਨ। ਜਿਸ ਤਹਿਤ ਅੱਠ ਮਾਰਚ ਨੂੰ ਕਿਸਾਨ ਦੇਸ਼ ਭਰ ਵਿਚ ਮਹਿਲਾ ਦਿਵਸ ਮਨਾਉਣਗੇ। ਇਸ ਦਿਨ ਕਿਸਾਨ ਲੀਡਰ ਆਪਣੀਆਂ ਸਟੇਜਾਂ ਮਹਿਲਾਵਾਂ ਦੇ ਨਾਮ ਕਰਨਗੇ।
ਮਹਿਲਾ ਦਿਵਸ ਨੂੰ ਦੇਖਦੇ ਹੋਏ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੰਗਰੂਰ ਵਿੱਚ ਅੱਜ ਮਹਿਲਾਵਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਟਰੈਕਟਰ ਮਾਰਚ ਰਾਹੀਂ ਸੰਗਰੂਰ ਦੇ ਪਿੰਡਾਂ-ਪਿੰਡਾਂ ਤੋਂ ਮਹਿਲਾ ਕਿਸਾਨਾਂ ਨੂੰ ਧਰਨੇ ਦੇ ਨਾਲ ਜੋੜਿਆ ਜਾਵੇਗਾ।
ਇਸ ਤੋਂ ਇਲਾਵਾ ਇਸ ਟਰੈਕਟਰ ਮਾਰਚ ਰਾਹੀਂ ਅੰਦੋਲਨ ਨਾਲ ਜੁੜਨ ਵਾਲੀਆਂ ਮਹਿਲਾਵਾਂ ਨੂੰ 8 ਮਾਰਚ ਨੂੰ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਸੰਗਰੂਰ ਵਿੱਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਇਹ ਟਰੈਕਟਰ ਮਾਰਚ ਅੱਜ ਸਵੇਰੇ 11 ਵਜੇ ਸ਼ੁਰੂ ਕੀਤਾ ਜਾ ਰਿਹਾ ਹੈ।