ਨਵੀਂ ਦਿੱਲੀ: ਰਾਜਧਾਨੀ ‘ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਸਬੰਧਤ ਟੂਲਕਿੱਟ ਮਾਮਲੇ ‘ਚ ਦਿੱਲੀ ਪੁਲੀਸ ਨੇ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਪੁਲੀਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਿਸ਼ਾ ਰਵੀ, ਨਿਕੀਤਾ ਜੈਕਬ ਅਤੇ ਸ਼ਾਂਤਨੂੰ ਨੇ ਟੂਲਕਿੱਟ ਬਣਾਈ ਸੀ ਅਤੇ ਦੂਸਰਿਆਂ ਦੇ ਨਾਲ ਸਾਂਝੀ ਕੀਤੀ ਸੀ।
ਟੂਲਕਿੱਟ ਕੇਸ ਵਿੱਚ ਦਿੱਲੀ ਪੁਲੀਸ ਸਾਈਬਰ ਸੈੱਲ ਦੇ ਜੁਆਇੰਟ ਕਮਿਸ਼ਨਰ ਪ੍ਰੇਮ ਨਾਥ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ – ”ਜਿਵੇਂ ਅਸੀਂ ਜਾਣਦੇ ਹਾਂ ਕਿ 26 ਜਨਵਰੀ ਨੂੰ ਵੱਡੇ ਪੱਧਰ ‘ਤੇ ਹਿੰਸਾ ਹੋਈ ਸੀ, 27 ਨਵੰਬਰ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। 4 ਫਰਵਰੀ ਨੂੰ ਸਾਨੂੰ ਟੂਲਕਿਟ ਬਾਰੇ ਜਾਣਕਾਰੀ ਮਿਲੀ, ਜੋ ਕਿ ਖਾਲਿਸਤਾਨੀ ਸੰਗਠਨਾਂ ਦੀ ਮਦਦ ਦੇ ਨਾਲ ਬਣਾਈ ਗਈ ਸੀ। ਪੁਲੀਸ ਦੇ ਮੁਤਾਬਕ ਦਿਸ਼ਾ ਰਵੀ ਨੇ ਇਹ ਡਾਕੂਮੈਂਟ ਕਲਾਈਮੇਂਟ ਐਕਟਿਵਿਸਟ ਗ੍ਰੇਟਾ ਥਨਬਰਗ ਦੇ ਨਾਲ ਸ਼ੇਅਰ ਕੀਤਾ ਸੀ।
ਇਸ ਦੌਰਾਨ ਦਿੱਲੀ ਪੁਲੀਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਟੂਲਕਿਟ ਨੂੰ ਜਨਵਰੀ ਮਹੀਨੇ ਚ ਬਣਾਇਆ ਗਿਆ ਸੀ। ਪੁਲੀਸ ਮੁਤਾਬਕ ਇਸ ਟੂਲਕਿਟ ਦਾ ਮਕਸਦ ਸੋਸ਼ਲ ਮੀਡੀਆ ‘ਤੇ ਡਿਜੀਟਲ ਸਟਰਾਈਕ ਕਰਨਾ ਸੀ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਪ੍ਰਚਾਰ ਕੀਤਾ ਜਾਣਾ ਸੀ। ਇਸ ਨੂੰ ਪੂਰੀ ਦੁਨੀਆਂ ਦੇ ਵਿੱਚ ਪਹੁੰਚਾਇਆ ਜਾਣ ਦਾ ਟਾਰਗੈੱਟ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਭਾਰਤੀ ਅੰਬੈਸੀਆਂ ਨੂੰ ਵੀ ਟਾਰਗੇਟ ਕੀਤਾ ਜਾਣ ਦਾ ਦਿੱਲੀ ਪੁਲੀਸ ਨੇ ਖ਼ਦਸ਼ਾ ਜਤਾਇਆ।
ਪੁਲੀਸ ਨੇ ਦਾਅਵਾ ਕੀਤਾ ਕਿ ਇਸ ਸਿਲਸਿਲੇ ਵਿੱਚ 11 ਜਨਵਰੀ ਨੂੰ ਇੱਕ ‘ਜ਼ੂਮ ਮੀਟਿੰਗ’ ਹੋਈ ਸੀ। ਇਸ ਮੀਟਿੰਗ ਚ ਦਿਸ਼ਾ ਰਵੀ, ਨਿਕੀਤਾ ਜੈਕਬ ਅਤੇ ਸ਼ਾਂਤਨੂੰ ਸ਼ਾਮਲ ਹੋਏ ਸਨ। ਇਸ ਮੀਟਿੰਗ ‘ਚ ਖਾਲਿਸਤਾਨ ਸੰਗਠਨ ਦੇ ਨਾਲ ਜੁੜੇ ‘ਪੋਇਟਿਕ ਜਸਟਿਸ ਫਾਊਂਡੇਸ਼ਨ ਦਾ ਐੱਮ.ਓ ਧਾਲੀਵਾਲ ਕੈਨੇਡਾ ਤੋਂ ਜੁੜਿਆ ਸੀ। ਮੀਟਿੰਗ ਵਿੱਚ ਗਣਤੰਤਰ ਦਿਵਸ ਤੋਂ ਪਹਿਲਾਂ ਟਵਿੱਟਰ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਤੂਫ਼ਾਨ ਪੈਦਾ ਕਰਨ ਦੀ ਰਣਨੀਤੀ ਬਣਾਈ ਗਈ ਸੀ। ਇਸ ਦੇ ਲਈ ਹੈਸ਼ਟੈਗ ਤੈਅ ਕੀਤੇ ਗਏ ਸਨ। ਇਸ ਦਾ ਮਕਸਦ ਕਿਸਾਨਾਂ ਦੇ ਵਿੱਚ ਅਸੰਤੁਸ਼ਟੀ ਪੈਦਾ ਕਰਨਾ ਅਤੇ ਉਨ੍ਹਾਂ ਤੱਕ ਗਲਤ ਜਾਣਕਾਰੀ ਫੈਲਾਉਣਾ ਸੀ। ਪੁਲੀਸ ਮੁਤਾਬਕ ਇਸ ਮੀਟਿੰਗ ਵਿਚ 60 ਤੋਂ 70 ਲੋਕ ਸ਼ਾਮਲ ਹੋਏ ਸਨ। ਦਿੱਲੀ ਪੁਲੀਸ ਦੇ ਮੁਤਾਬਕ ਇਸ ਪੂਰੀ ਸਾਜਿਸ਼ ਨੂੰ ਅੰਜਾਮ ਦੇਣ ਦੇ ਲਈ ਇਕ ਵਟਸਐਪ ਗਰੁੱਪ ਬਣਾਇਆ ਗਿਆ ਸੀ। ਪੁਲੀਸ ਦਾ ਦਾਅਵਾ ਹੈ ਕਿ ਦਿਸ਼ਾ ਅਤੇ ਨਿਕਿਤਾ ਦੇ ਲੈਪਟਾਪ ਤੋਂ ਅਪਮਾਨਜਨਕ ਸੂਚਨਾਵਾਂ ਵੀ ਬਰਾਮਦ ਹੋਈਆਂ ਹਨ।