TIME-100 ਸੂਚੀ 2026 ਜਾਰੀ: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ‘ਚ 3 ਭਾਰਤੀਆਂ ਦੇ ਨਾਮ ਸ਼ਾਮਲ

Global Team
2 Min Read

ਨਵੀ ਦਿੱਲੀ : ਟਾਈਮ (TIME) ਮੈਗਜ਼ੀਨ ਨੇ ਸਾਲ 2026 ਲਈ ਬਹੁ-ਉਡੀਕੀ ਜਾਣ ਵਾਲੀ TIME-100 (ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਮ ਦੀ ਸੂਚੀ) ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਭਾਰਤ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਦੇ ਨਾਮ ਵੀ ਸ਼ਾਮਲ ਸਨ। ਇਸ ਵਿੱਚ ਵਿਸ਼ਵ ਨੇਤਾਵਾਂ ਤੋਂ ਲੈ ਕੇ ਉਦਯੋਗਪਤੀਆਂ, ਟੈਕ ਦਿੱਗਜਾਂ, ਕਲਾਕਾਰਾਂ, ਐਥਲੀਟਾਂ ਅਤੇ ਅਦਾਕਾਰਾ ਤੱਕ ਨੂੰ ਸ਼ਾਮਲ ਕੀਤਾ ਗਿਆ ਹੈ।

ਸਾਲ 2026 ਦੀ ਸੂਚੀ ਵਿੱਚ ਡੋਨਾਲਡ ਟਰੰਪ, ਸ਼ੀ ਜਿਨਪਿੰਗ, ਬੈਂਜਾਮਿਨ ਨੇਤਨਯਾਹੂ ਅਤੇ ਪੋਪ ਲਿਓ ਸਮੇਤ ਕਈ ਜਾਣੀਆਂ-ਪਛਾਣੀਆਂ ਹਸਤੀਆਂ ਹਨ। ਪਰ ਇਸ ਸੂਚੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਲਿਸਟ ਵਿੱਚ ਜਿਥੇ ਡੋਨਾਲਡ ਟਰੰਪ, ਬੈਂਜਾਮਿਨ ਨੇਤਨਯਾਹੂ ਅਤੇ ਸ਼ੀ ਜਿਨਪਿੰਗ ਵਰਗੇ ਵਿਸ਼ਵ ਨੇਤਾ ਸ਼ਾਮਲ ਹਨ, ਤਾਂ ਦੂਜੇ ਪਾਸੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ, ਬੰਗਲਾਦੇਸ਼ ਦੇ ਪੀਐਮ ਤਾਰਿਕ ਰਹਿਮਾਨ ਅਤੇ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਵਰਗੀਆਂ ਹਸਤੀਆਂ ਇਸ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀਆਂ ਹਨ। ਇਸ ਵਿੱਚ ਮਾਰਕੋ ਰੂਬੀਓ, ਕੈਨੇਡਾ ਦੇ ਪੀਐਮ ਮਾਰਕ ਕਾਰਨੀ ਅਤੇ ਮੈਕਸੀਕੋ ਦੀ ਕਲਾਉਡੀਆ ਸ਼ਿਨਬੌਮ ਵਰਗੇ ਪ੍ਰਮੁੱਖ ਨੇਤਾ ਵੀ ਸ਼ਾਮਲ ਹਨ।

ਦੱਸ ਦਈਏ ਕਿ ਇਸ ਸੂਚੀ ‘ਚ ਤਿੰਨ ਭਾਰਤੀ ਹਸਤੀਆਂ ਨੇ ਵੀ ਜਗ੍ਹਾ ਬਣਾਈ ਹੈ। Google ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਭਾਰਤੀ-ਅਮਰੀਕੀ ਸੁੰਦਰ ਪਿਚਾਈ ਨੂੰ ਇਸ ਵਿੱਚ ਸਥਾਨ ਦਿੱਤਾ ਗਿਆ ਹੈ। ਉੱਥੇ ਹੀ, ਅਦਾਕਾਰ ਰਣਬੀਰ ਕਪੂਰ ਨੇ ਮਨੋਰੰਜਨ ਦੇ ਖੇਤਰ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਸ ਲਿਸਟ ਵਿੱਚ ਇੱਕ ਹੋਰ ਨਾਮ ਸ਼ੈੱਫ ਵਿਕਾਸ ਖੰਨਾ ਦਾ ਹੈ, ਜੋ ਵਿਸ਼ਵ ਪੱਧਰ ‘ਤੇ ਭਾਰਤੀ ਖਾਣ-ਪੀਣ ਨੂੰ ਪਛਾਣ ਦਿਵਾ ਰਹੇ ਹਨ। ਵਿਕਾਸ ਖੰਨਾ ਭਾਰਤੀ-ਅਮਰੀਕੀ ਹਨ।

ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੇ ਇਸ ਨੂੰ ਮਾਣ ਵਾਲਾ ਪਲ ਦੱਸਿਆ। ਉਨ੍ਹਾਂ ਕਿਹਾ ਕਿ 2026 ਦੀ TIME100 ਸੂਚੀ ਵਿੱਚ ਸ਼ਾਮਲ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਖੰਨਾ ਨੇ ਇਸ ਸਨਮਾਨ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਦਾਦੀ, ਮਾਂ ਅਤੇ ਭੈਣ ਦੀ ਕੁਰਬਾਨੀ, ਆਸ਼ੀਰਵਾਦ ਅਤੇ ਮਾਰਗਦਰਸ਼ਨ ਸਦਕਾ ਹੀ ਇਸ ਮੁਕਾਮ ਤੱਕ ਪਹੁੰਚ ਸਕੇ ਹਨ।

ਇਸ ਤੋਂ ਇਲਾਵਾ TIME100 2026 ਦੀ ਇਸ ਸੂਚੀ ਵਿੱਚ ਰਾਲਫ਼ ਲੌਰੇਨ, ਕੇਟ ਹਡਸਨ, ਈਥਨ ਹਾਕ, ਮਾਰਕ ਕੇਲੀ ਅਤੇ ਹਿਲੇਰੀ ਨਾਈਟ ਵਰਗੇ ਵਿਸ਼ਵ ਪੱਧਰ ਦੇ ਦਿੱਗਜਾਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਸ਼ਾਮਲ ਕੀਤਾ ਗਿਆ ਹੈ।

Share This Article
Leave a Comment