ਅਮਰਜੀਤ ਟਿੱਕਾ ਨੇ ਪੱਤਰ ਲਿਖ ਕੇ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

TeamGlobalPunjab
2 Min Read

ਲੁਧਿਆਣਾ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਆਲ ਇੰਡੀਆ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਅਮਰਜੀਤ ਟਿੱਕਾ ਨੇ ਆਪਣਾ ਅਸਤੀਫ਼ਾ ਪਾਰਟੀ ਹਾਈਕਮਾਨ ਸੋਨੀਆ ਗਾਂਧੀ ਨੂੰ ਭੇਜਿਆ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਪਿਛਲੇ 37 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਪਰ ਹੁਣ ਪਾਰਟੀ ਉਨ੍ਹਾਂ ਵਰਗੇ ਕਈ ਵਰਕਰਾਂ ਦੀ ਭਰੋਸੇਯੋਗਤਾ ਨੂੰ ਗੁਆ ਰਹੀ ਹੈ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕਾਂਗਰਸ ਦੀ ਸੇਵਾ ਵਿੱਚ ਗੁਜ਼ਾਰ ਦਿੱਤੀ। ਉਨ੍ਹਾਂ ਨੂੰ ਅਣਗੌਲੇ ਕਰਕੇ ਇੱਕ ਪਾਸੇ ਰਖਿਆ ਜਾ ਰਿਹਾ ਹੈ।ਉਨ੍ਹਾਂ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਕਾਂਗਰਸ ਪਾਰਟੀ ਦੀ ਸੇਵਾ ਕਰਨ ਅਤੇ ਇਸ ਦੀ ਵਿਚਾਰਧਾਰਾ ਦੀ ਹਮਾਇਤ ਕਰਨ ਵਿਚ ਸਰਗਰਮ ਰਹੀਆਂ ਹਨ।

ਕਾਂਗਰਸ ਪਾਰਟੀ ਜੋ ਸਾਡੇ ਦੇਸ਼ ਦੀ ਆਤਮਾ ਸੀ, ਦੀ ਮੌਜੂਦਾ ਹਾਲਤ ਦੇਖ ਕੇ ਦੁੱਖ ਹੋ ਰਿਹਾ ਹੈ। ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਜਦੋ ਟਿੱਕਾ ਨੂੰ ਪੁੱਛਿਆ ਗਿਆ ਕਿ ਉਹ ਆਜ਼ਾਦ ਚੋਣ ਲੜਨਗੇ ਤਾਂ ਉਨ੍ਹਾਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਚੋਣ ਲੜਨ ਨਹੀਂ ਜਾ ਰਹੇ ਅਤੇ ਨਾ ਹੀ ਕਿਸੇ ਹੋਰ ਪਾਰਟੀ ਵਿਚ ਜਾਣ ਬਾਰੇ ਸੋਚਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 17 ਫ਼ੀਸਦੀ ਸ਼ਹਿਰੀ ਸਿੱਖਾਂ ਦੀ ਆਬਾਦੀ ਨੂੰ ਨਜ਼ਰਅੰਦਾਜ਼ ਕਰਦਿਆਂ ਕਿਸੇ ਨੂੰ ਵੀ ਟਿਕਟ ਨਹੀ ਦਿੱਤੀ।

 

- Advertisement -

Share this Article
Leave a comment