ਨਵੀਂ ਦਿੱਲੀ:- ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨ ਮੁੜ ਕੇਂਦਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਗਣਤੰਤਰ ਦਿਵਸ ਮੌਕੇ ਕਿਸਾਨ ਟ੍ਰੈਕਟਰ ਰੈਲੀ ਦੌਰਾਨ ਹਿੰਸਾ ਹੋਈ ਤੇ ਦਿੱਲੀ ਪੁਲਿਸ ਨੇ 33 ਐਫਆਈਆਰ ਦਰਜ ਕਰਕੇ ਛੇ ਕਿਸਾਨ ਨੇਤਾਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਬੀਕੇਯੂ ਦੇ ਕੌਮੀ ਬੁਲਾਰੇ ਟਿਕੈਤ ਨੇ ਗਾਜ਼ੀਪੁਰ ਸਰਹੱਦ ‘ਤੇ ਮੀਡੀਆ ਨੂੰ ਕਿਹਾ, “ਅਸੀਂ ਇੱਕ ਵਾਰ ਫਿਰ ਕੇਂਦਰ ਨਾਲ ਖੇਤੀਬਾੜੀ ਕਾਨੂੰਨਾਂ ‘ਤੇ ਗੱਲ ਕਰਾਂਗੇ। ਅਸੀਂ ਸੰਭਾਵਿਤ ਤਰੀਕਿਆਂ ‘ਤੇ ਵਿਚਾਰ ਕਰਾਂਗੇ। ਅਸੀਂ ਸਰਕਾਰ ਨੂੰ ਸੁਨੇਹਾ ਭੇਜਿਆ ਹੈ ਕਿ ਅਸੀਂ ਚਾਹੁੰਦੇ ਹਾਂ ਸਰਕਾਰ ਗੱਲ ਕਰੇ।”
ਇਸ ਦੌਰਾਨ ਜਦੋਂ ਟਿਕੈਤ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਕਾਨੂੰਨ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਦੇ ਸਰਕਾਰ ਦੇ ਪ੍ਰਸਤਾਵ ਨਾਲ ਸਹਿਮਤ ਹੋਣਗੇ, ਤਾਂ ਟਿਕੈਤ ਨੇ ਜਵਾਬ ਦਿੱਤਾ ਕਿ: “ਨਹੀਂ, ਨਹੀਂ, ਅਸੀਂ ਮੁੜ ਸਰਕਾਰ ਨਾਲ ਗੱਲ ਕਰਾਂਗੇ।”
ਟਿਕੈਤ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਸਰਕਾਰ ਦਾ ਕੀ ਜਵਾਬ ਹੈ, ਹਰ ਕੋਈ ਇਸ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਨੇ ਕਈ ਉਤਰਾਅ-ਚੜਾਅ ਵੇਖੇ ਹਨ।