ਟਿਕ-ਟਾਕ : ਟਿਕ-ਟਾਕ ਨੇ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਖ਼ਿਲਾਫ਼ ਮੁਕੱਦਮਾ ਕੀਤਾ ਦਰਜ

TeamGlobalPunjab
2 Min Read

ਵਾਸ਼ਿੰਗਟਨ : ਮਸ਼ਹੂਰ ਚਾਈਨੀਜ਼ ਐਪ ਟਿਕ-ਟਾਕ ਅਤੇ ਟਰੰਪ ਪ੍ਰਸ਼ਾਸਨ ‘ਚ ਵਿਵਾਦ ਹੋਰ ਭਖਦਾ ਜਾ ਰਿਹਾ ਹੈ। ਟਿਕ-ਟਾਕ ਨੇ ਆਪਣੀ ਕੰਪਨੀ ਬਾਈਟ ਡਾਂਸ ਦੇ ਨਾਲ ਲੈਣ-ਦੇਣ ‘ਤੇ ਪਾਬੰਦੀ ਲਗਾਉਣ ਵਾਲੇ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਖਿਲਾਫ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਇਸ ਸੰਬੰਧੀ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਟਿਕ-ਟਾਕ ਨੇ 39 ਪੰਨਿਆਂ ਵਾਲੇ ਮੁਕੱਦਮੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ, ਵਣਜ ਮੰਤਰੀ ਵਿਲਬੁਰ ਰੋਸ ਤੇ ਅਮਰੀਕਾ ਦੇ ਵਣਜ ਮੰਤਰਾਲੇ ਨੂੰ ਇਸ ਮਾਮਲੇ ‘ਚ ਪ੍ਰਤੀਵਾਦੀ ਦੇ ਰੂਪ ‘ਚ ਸੂਚੀਬੱਧ ਕੀਤਾ ਹੈ। ਹਾਲਾਂਕਿ ਹੁਣ ਤੱਕ ਇਸ ਆਦੇਸ਼ ਦਾ ਕੋਈ ਅਸਰ ਨਹੀਂ ਦਿਖਿਆ ਹੈ।

ਜ਼ਿਕਰਯੋਗ ਹੈ ਕਿ ਵਾਈਟ ਹਾਊਸ ਨੇ ਇਸ ਸਬੰਧ ਵਿਚ 14 ਅਗਸਤ ਨੂੰ ਦੂਜਾ ਆਦੇਸ਼ ਜਾਰੀ ਕੀਤਾ ਸੀ। ਜਿਸ ਵਿਚ ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੰਪਨੀ ਨੂੰ ਅਮਰੀਕਾ ‘ਚੋਂ ਆਪਣਾ ਕਾਰੋਬਾਰ ਸਮੇਟਣ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਇਹ ਆਦੇਸ਼ ਵਿਦੇਸ਼ੀ ਨਿਵੇਸ਼ ਸਬੰਧਤ ਇੱਕ ਕਮੇਟੀ ਦੁਆਰਾ ਕੀਤੀ ਗਈ ਜਾਂਚ ਰਿਪੋਰਟ ਤੋਂ ਬਾਅਦ ਦਿੱਤਾ ਗਿਆ ਸੀ।

ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਨੇ 6 ਅਗਸਤ ਨੂੰ ਟਿਕ-ਟਾਕ ਅਤੇ ਵੀਚੈਟ ਬਾਰੇ ਸਰਕਾਰੀ ਆਦੇਸ਼ ‘ਤੇ ਹਸਤਾਖਰ ਕੀਤੇ ਸੀ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਹ ਐਪ ਦੇਸ਼ ਦੀ ਕੌਮੀ ਸੁਰੱਖਿਆ ਅਤੇ ਅਰਥ ਵਿਵਸਥਾ ਦੇ ਲਈ ਖ਼ਤਰਾ ਹੈ। ਹਾਲਾਂਕਿ, ਬਾਈਟ ਡਾਂਸ ਨੇ ਇਸ ਦਾ ਖੰਡਨ ਕੀਤਾ ਹੈ। ਚੀਨ ਦੀ ਕੰਪਨੀ ਬਾਈਟ ਡਾਂਸ ਦੇ ਕੋਲ ਵੀਡੀਓ ਸ਼ੇਅਰਿੰਗ ਐਪ ਟਿਕ-ਟਾਕ ਦੀ ਖੁਦਮੁਖਤਿਆਰੀ ਹੈ। ਚੀਨ ਦੀ ਕੰਪਨੀ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਰਾਸ਼ਟਰਪਤੀ ਟਰੰਪ ਦੁਆਰਾ ਲੋਕਪ੍ਰਿਯ ਐਪ ਦੇ ਨਾਲ ਕਿਸੇ ਤਰ੍ਹਾਂ ਦੇ ਅਮਰੀਕੀ ਲੈਣ ਦੇਣ ‘ਤੇ ਰੋਕ ਦੇ ਆਦੇਸ਼ ਦੇ ਖ਼ਿਲਾਫ਼ ਮੁਕਦਮਾ ਦਰਜ ਕਰਨ ਜਾ ਰਹੀ ਹੈ।

Share this Article
Leave a comment