ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ

Global Team
3 Min Read

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਨਾਲ ਕੁਝ ਰਾਹਤ ਮਿਲਣ ਤੋਂ ਬਾਅਦ ਇੱਕ ਵਾਰ ਮੁੜ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 33.9 ਤੋਂ 38.1 ਡਿਗਰੀ ਸੈਲਸੀਅਸ ਦੇ ਵਿਚਾਲੇ ਰਿਹਾ।

ਮੌਸਮ ਵਿਭਾਗ ਨੇ ਸੂਬੇ ਦੇ ਕਈ ਇਲਾਕਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਸਰਦੂਲਗੜ੍ਹ, ਮਾਨਸਾ, ਤਲਵੰਡੀ ਸਾਬੋ, ਅਬੋਹਰ, ਮਲੋਟ, ਬਠਿੰਡਾ, ਗਿੱਦੜਬਾਹਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਬਰਨਾਲਾ, ਪਟਿਆਲਾ, ਮੋਗਾ, ਜੀਰਾ, ਨਕੋਦਰ, ਸੁਲਤਾਨਪੁਰ ਲੋਧੀ, ਤਰਨਤਾਰਨ, ਰਾਏਕੋਟ, ਜਗਰਾਓਂ, ਫਰੀਦਕੋਟ ਅਤੇ ਫਿਰੋਜ਼ਪੁਰ ਸਮੇਤ ਕਈ ਖੇਤਰਾਂ ਵਿੱਚ ਗਰਜ-ਚਮਕ ਨਾਲ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਕੋਈ ਵੱਡਾ ਮੌਸਮੀ ਸਿਸਟਮ ਸਰਗਰਮ ਨਹੀਂ ਹੋਵੇਗਾ ਅਤੇ ਵੈਸਟਰਨ ਡਿਸਟਰਬੈਂਸ ਵੀ ਕਮਜ਼ੋਰ ਰਹੇਗਾ। ਇਸ ਕਾਰਨ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਅਤੇ ਗਰਮ ਬਣਿਆ ਰਹਿਣ ਦੀ ਉਮੀਦ ਹੈ। ਹਾਲਾਂਕਿ ਸਾਈਕਲੋਨਿਕ ਸਰਕੂਲੇਸ਼ਨ ਅਤੇ ਟਰਫ਼ ਦੇ ਪ੍ਰਭਾਵ ਕਾਰਨ ਕੁਝ ਥਾਵਾਂ ’ਤੇ ਧੂੜ ਭਰੀਆਂ ਹਨੇਰੀਆਂ ਅਤੇ ਹਲਕੇ ਮੀਂਹ ਦੀ ਸੰਭਾਵਨਾ ਬਣੀ ਰਹੇਗੀ।

ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵੀ ਵਧ ਗਈ ਹੈ। ਸੂਬੇ ਵਿੱਚ ਬਿਜਲੀ ਦੀ ਮੰਗ 11,470 ਮੈਗਾਵਾਟ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਬਠਿੰਡਾ ਵਿੱਚ ਗਰਮੀ ਕਾਰਨ ਇੱਕ ਫਲ-ਸਬਜ਼ੀ ਵਿਕਰੇਤਾ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਦੂਜੇ ਪਾਸੇ, ਭਾਰਤੀ ਮੌਸਮ ਵਿਭਾਗ ਦੀ 14 ਜੂਨ ਦੀ ਰਿਪੋਰਟ ਮੁਤਾਬਕ 1 ਤੋਂ 14 ਜੂਨ ਤੱਕ ਪੰਜਾਬ ਵਿੱਚ ਆਮ ਨਾਲੋਂ 17 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇਸ ਮਿਆਦ ਦੌਰਾਨ ਸੂਬੇ ਵਿੱਚ 18.9 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਔਸਤ 16.2 ਮਿਲੀਮੀਟਰ ਰਹਿੰਦੀ ਹੈ। 14 ਜੂਨ ਨੂੰ ਆਦਮਪੁਰ ਵਿੱਚ ਸਭ ਤੋਂ ਵੱਧ 30 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਆਮ ਨਾਲੋਂ ਵੱਧ ਵਰਖਾ ਰਿਕਾਰਡ ਕੀਤਾ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮਤੇ ਵੀ Follow ਕਰਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment