ਦਰਦਨਾਕ ਹਾਦਸਾ, ਬਹੁਮੰਜ਼ਿਲਾ ਇਮਾਰਤ ਡਿੱਗਣ ਨਾਲ ਕਈ ਲੋਕ ਮਲਬੇ ਹੇਠ ਦੱਬੇ; ਬਚਾਅ ਕਾਰਜ ਜਾਰੀ

Global Team
2 Min Read

ਮੁੰਬਈ: ਸ਼ਹਿਰ ਦੇ ਸ਼ਾਹਬਾਜ਼ ਪਿੰਡ ਤੋਂ  ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ ਹੈ। ਇਮਾਰਤ ਡਿੱਗਣ ਤੋਂ ਬਾਅਦ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਮਲਬੇ ‘ਚੋਂ ਦੋ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਜਾ ਚੁੱਕਾ ਹੈ। ਫਿਲਹਾਲ NDRF, ਪੁਲਿਸ, ਫਾਇਰ ਬ੍ਰਿਗੇਡ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਸਾਰੀ ਘਟਨਾ ਸੈਕਟਰ-19 ਬੇਲਾਪੁਰ ਸ਼ਾਹਬਾਜ਼ ਪਿੰਡ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4.50 ਵਜੇ ਇਮਾਰਤ ਡਿੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਸਾਡੀ ਟੀਮ ਇੱਥੇ ਪਹੁੰਚੀ, ਜਿਸ ਤੋਂ ਬਾਅਦ ਅਸੀਂ ਦੇਖਿਆ ਕਿ ਦੋ ਲੋਕ ਫਸੇ ਹੋਏ ਸਨ। ਅਸੀਂ ਸੈਫ ਅਲੀ ਅਤੇ ਰੁਖਸਾਰ ਖਾਤੂਨ ਨੂੰ ਜ਼ਿੰਦਾ ਬਾਹਰ ਕੱਢ ਲਿਆ ਹੈ। ਮੁਹੰਮਦ ਸਿਰਾਜ ਨਾਮ ਦਾ ਵਿਅਕਤੀ ਅਜੇ ਲਾਪਤਾ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਕਈ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ।

ਉੱਥੇ ਹੀ ਨਵੀਂ ਮੁੰਬਈ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਸ਼ਿੰਦੇ ਨੇ ਜਾਣਕਾਰੀ ਦਿੰਦੇ  ਦੱਸਿਆ ਕਿ ਇਮਾਰਤ ਸਵੇਰੇ 5 ਵਜੇ ਦੇ ਕਰੀਬ ਡਿੱਗ ਗਈ। ਇਹ ਇੱਕ ਗਰਾਊਂਡ ਪਲੱਸ 3 ਮੰਜਿਲਾ ਇਮਾਰਤ ਹੈ। ਇਸ ਇਮਾਰਤ ਵਿੱਚ 13 ਫਲੈਟ ਸਨ। ਦੋ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਦੋ ਦੇ ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ, ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਸਿਰਫ਼ 10 ਸਾਲ ਪੁਰਾਣੀ ਹੈ। ਇਸ ਦੇ ਡਿੱਗਣ ਦਾ ਕਾਰਨ ਜਾਣਨ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment