ਬਰੈਂਪਟਨ ਵਿਖੇ ਲੁੱਟ-ਖੋਹ ਦੇ ਦੋਸ਼ ਹੇਠ 3 ਪੰਜਾਬੀ ਗ੍ਰਿਫਤਾਰ

TeamGlobalPunjab
2 Min Read

ਬਰੈਂਪਟਨ: ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਹਥਿਆਰਬੰਦ ਡਾਕੇ ਤੋਂ ਬਾਅਦ ਪੀਲ ਪੁਲਿਸ ਵੱਲੋਂ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਚੌਥੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਰਾਤ 8:00 ਵਜੇ ਦੇ ਲਗਭਗ ਵਿਲੀਅਮਸ ਪਾਰਕਵੇਅ ਤੇ ਏਲਬਰਨ ਮਾਰਕਲ ਡਰਾਈਵ ਏਰੀਆ ਵਿੱਚ ਇੱਕ ਗੱਡੀ ਨੂੰ ਇੱਕ ਐਸਯੂਵੀ ਵੱਲੋਂ ਜਾਣਬੁੱਝ ਕੇ ਪਿੱਛਿਓਂ ਟੱਕਰ ਮਾਰੀ ਗਈ।

ਆਪਣੀ ਜਾਨ ਬਚਾਉਣ ਲਈ ਗੱਡੀ ਵਿੱਚ ਸਵਾਰ ਲੋਕ ਉੱਥੋਂ ਭੱਜ ਨਿਕਲੇ ਤੇ ਇੱਕ ਘਰ ਵਿੱਚ ਜਾ ਪਹੁੰਚੇ, ਪਰ ਚਾਰ ਮਸ਼ਕੂਕਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ। ਮਸ਼ਕੂਕਾਂ ਨੇ ਹਥਿਆਰ ਦਿਖਾ ਕੇ ਉਨ੍ਹਾਂ ਵਿਅਕਤੀਆਂ ਦੀ ਗੱਡੀ ਤੇ ਉਨ੍ਹਾਂ ਦੇ ਇਲੈਕਟ੍ਰੌਨਿਕਸ ਲੁੱਟ ਲਏ।

ਜਾਂਚ ਤੋਂ ਬਾਅਦ ਪੁਲਿਸ ਨੂੰ ਲੁੱਟੀ ਗਈ ਗੱਡੀ ਤੇ ਮਸ਼ਕੂਕਾਂ ਵੱਲੋਂ ਇਸ ਕਾਰੇ ਨੂੰ ਅੰਜਾਮ ਦੇਣ ਲਈ ਵਰਤੀ ਗਈ ਗੱਡੀ ਦਾ ਪਤਾ ਲਗਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐਸਯੂਵੀ ਚਲਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤੀਜੇ ਵਿਅਕਤੀ ਨੂੰ ਵੀ ਬਾਅਦ ਵਿੱਚ ਬਰੈਂਪਟਨ ਵਿੱਚ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਡਾਕਾ ਮਾਰਨ ਦੇ ਦੋਸ਼ ਵਿੱਚ 29 ਸਾਲਾ ਸਿਮਰਨਜੀਤ ਨਾਰੰਗ, 36 ਸਾਲਾ ਦਵਿੰਦਰ ਮਾਨ ਤੇ 27 ਸਾਲਾ ਆਦਿਸ਼ ਸ਼ਰਮਾ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਚੌਥੇ ਮਸ਼ਕੂਕ ਦੀ ਭਾਲ ਕਰ ਰਹੇ ਹਨ ਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਜਾ ਰਿਹਾ ਹੈ।

- Advertisement -

Share this Article
Leave a comment