ਪਟਿਆਲਾ ਤੋਂ ਲਾਪਤਾ ਹੋਈਆਂ 3 ਨਾਬਾਲਗ ਵਿਦਿਆਰਥਣਾਂ ਨੂੰ ਲੈ ਕੇ ਆਈ ਵੱਡੀ ਅਪਡੇਟ

Global Team
3 Min Read

ਪਟਿਆਲਾ: ਪਟਿਆਲਾ ਦੇ ਅਜੀਤ ਨਗਰ ਸਥਿਤ ਸੇਂਟ ਪੀਟਰਜ਼ ਅਕੈਡਮੀ ਵਿੱਚ Annual Function ਤੋਂ ਬਾਅਦ ਇੱਕੋ ਕਲਾਸ ਵਿੱਚ ਪੜ੍ਹਦੀਆਂ ਤਿੰਨ ਨਾਬਾਲਗ ਵਿਦਿਆਰਥਣਾਂ ਲਾਪਤਾ ਹੋ ਗਈਆਂ। ਫੰਕਸ਼ਨ ਖਤਮ ਹੋਣ ਤੋਂ ਬਾਅਦ ਜਦੋਂ ਪਰਿਵਾਰ ਉਨ੍ਹਾਂ ਨੂੰ ਲੈਣ ਸਕੂਲ ਪਹੁੰਚੇ ਤਾਂ ਤਿੰਨੇ ਉੱਥੇ ਮੌਜੂਦ ਨਹੀਂ ਸਨ। ਬੱਚੀਆਂ ਦੇ ਘਰ ਨਾ ਪਹੁੰਚਣ ’ਤੇ ਪਰਿਵਾਰਾਂ ਦੀ ਚਿੰਤਾ ਵਧ ਗਈ ਅਤੇ ਉਨ੍ਹਾਂ ਨੇ ਮਾਡਲ ਟਾਊਨ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਪਾਣੀਪਤ ਤੋਂ ਸੁਰੱਖਿਅਤ ਕੀਤਾ ਬਰਾਮਦ

ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਤਿੰਨਾਂ ਨਾਬਾਲਗ ਵਿਦਿਆਰਥਣਾਂ ਨੂੰ ਪਾਣੀਪਤ ਰੇਲਵੇ ਸਟੇਸ਼ਨ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾਵੇਗਾ।

ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਤਿੰਨਾਂ ਬੱਚੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣਾ ਸੀ, ਜਿਸ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ।

ਸਕੂਲ ਤੋਂ ਨਿਕਲਣ ਮਗਰੋਂ ਨਹੀਂ ਪਹੁੰਚੀਆਂ ਘਰ

ਤਿੰਨੇ ਵਿਦਿਆਰਥਣਾਂ ਅੱਠਵੀਂ ਜਮਾਤ ਵਿੱਚ ਪੜ੍ਹਦੀਆਂ ਹਨ। Annual Function ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਸਕੂਲ ਤੋਂ ਬਾਹਰ ਨਿਕਲੀਆਂ, ਪਰ ਆਪਣੇ-ਆਪਣੇ ਘਰ ਨਹੀਂ ਪਹੁੰਚੀਆਂ। ਜਦੋਂ ਪਰਿਵਾਰ ਸਕੂਲ ਪਹੁੰਚੇ ਤਾਂ ਉੱਥੇ ਵੀ ਬੱਚੀਆਂ ਨਹੀਂ ਮਿਲੀਆਂ। ਆਪਸ ਵਿੱਚ ਸੰਪਰਕ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਪਤਾ ਲੱਗਿਆ ਕਿ ਤਿੰਨੇ ਵਿਦਿਆਰਥਣਾਂ ਲਾਪਤਾ ਹਨ।

ਇਸ ਤੋਂ ਬਾਅਦ ਪਰਿਵਾਰਾਂ ਨੇ ਤੁਰੰਤ ਮਾਡਲ ਟਾਊਨ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਖੁਦ ਮਾਮਲੇ ਦੀ ਕਮਾਨ ਸੰਭਾਲੀ ਅਤੇ ਐਸਪੀ ਸਿਟੀ ਪਲਵਿੰਦਰ ਚੀਮਾ ਦੀ ਅਗਵਾਈ ਹੇਠ ਸਿਟੀ-1 ਪੁਲਿਸ ਸਮੇਤ ਕਈ ਟੀਮਾਂ ਬਣਾਈਆਂ ਗਈਆਂ।

CCTV ਅਤੇ ਡਿਜੀਟਲ ਫੁੱਟਪ੍ਰਿੰਟ ਤੋਂ ਮਿਲੇ ਸੁਰਾਗ

ਐਸਪੀ ਸਿਟੀ ਪਲਵਿੰਦਰ ਚੀਮਾ ਮੁਤਾਬਕ ਸ਼ਾਮ ਕਰੀਬ ਸਾਢੇ ਸੱਤ ਵਜੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਨੇ ਸਕੂਲ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਫੁਟੇਜ ਵਿੱਚ ਤਿੰਨੇ ਵਿਦਿਆਰਥਣਾਂ ਸਕੂਲ ਤੋਂ ਬਾਹਰ ਜਾਂਦੀਆਂ ਦਿਖਾਈ ਦਿੱਤੀਆਂ।

ਇਸ ਤੋਂ ਇਲਾਵਾ ਹੋਰ ਥਾਵਾਂ ਦੀ CCTV ਫੁਟੇਜ ਵਿੱਚ ਉਹ ਆਟੋ ਰਿਕਸ਼ਾ ਅਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਰਾਹੀਂ ਅੱਗੇ ਜਾਂਦੀਆਂ ਨਜ਼ਰ ਆਈਆਂ। ਪੁਲਿਸ ਵੱਲੋਂ ਮੋਬਾਈਲ ਨੰਬਰਾਂ, ਸੋਸ਼ਲ ਮੀਡੀਆ ਅਕਾਊਂਟਸ ਅਤੇ ਹੋਰ ਡਿਜੀਟਲ ਫੁੱਟਪ੍ਰਿੰਟ ਦੀ ਮਦਦ ਨਾਲ ਉਨ੍ਹਾਂ ਦੀ ਲੋਕੇਸ਼ਨ ਟ੍ਰੈਕ ਕੀਤੀ ਜਾ ਰਹੀ ਸੀ।

ਪੁਲਿਸ ਨੇ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ

ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨਾਲ ਜੁੜੀ ਕੋਈ ਵੀ ਅਪੁਸ਼ਟ ਜਾਣਕਾਰੀ ਜਾਂ ਅਫਵਾਹ ਸਾਂਝੀ ਨਾ ਕੀਤੀ ਜਾਵੇ। ਪੁਲਿਸ ਨੇ ਖਾਸ ਤੌਰ ’ਤੇ ਨਾਬਾਲਗ ਵਿਦਿਆਰਥਣਾਂ ਦੀ ਨਿੱਜੀ ਜਾਣਕਾਰੀ ਜਨਤਕ ਨਾ ਕਰਨ ਲਈ ਕਿਹਾ ਹੈ।

ਪੁਲਿਸ ਮੁਤਾਬਕ ਬੱਚੀਆਂ ਦੀ ਪਛਾਣ ਜਾਂ ਨਿੱਜੀ ਡਾਟਾ ਸਾਹਮਣੇ ਆਉਣ ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਤਲਾਸ਼ੀ ਮੁਹਿੰਮ ਪ੍ਰਭਾਵਿਤ ਹੋ ਸਕਦੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਵਿਦਿਆਰਥਣਾਂ ਦੀ ਸੁਰੱਖਿਅਤ ਬਰਾਮਦਗੀ ਤੋਂ ਬਾਅਦ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਪਾਰਦਰਸ਼ੀ ਢੰਗ ਨਾਲ ਸਾਂਝੀ ਕੀਤੀ ਜਾਵੇਗੀ।

Share This Article
Leave a Comment