ਮੈਲਬਰਨ/ਪਟਿਆਲਾ : ਆਸਟ੍ਰੇਲੀਆ ਦੇ ਮੈਲਬਰਨ ਵਿਖੇ ਇਕ ਸੜਕ ਹਾਦਸੇ ‘ਚ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਆਸਟ੍ਰੇਲੀਆ ਰਹਿੰਦਾ ਪਰਿਵਾਰ ਭਾਰਤ ਤੋਂ ਆਏ ਆਪਣੇ ਰਿਸ਼ਤੇਦਾਰਾਂ ਨਾਲ ਕਾਰ ‘ਚ ਮੈਲਬਾਰਨ ਘੁੰਮਣ ਜਾ ਰਿਹਾ ਸੀ ਤਾਂ ਰਸਤੇ ‘ਚ ਇੱਕ ਰੁੱਖ ਕਾਰ ‘ਤੇ ਡਿਗ ਪਿਆ ਗਿਆ। ਜਿਸ ‘ਚ ਤਿੰਨ ਦੀ ਮੌਤ ਹੋ ਗਈ ਜਦਕਿ 4 ਸਾਲਾ ਬੱਚੇ ਸਣੇ ਦੋ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਭਵਾਨੀਗੜ੍ਹ ਸਬ-ਡਿਵੀਜ਼ਨ ਦੇ ਪਿੰਡ ਝਨੇੜੀ ਦੀ ਜੰਮਪਲ ਅਤੇ ਜ਼ਿਲਾ ਪਟਿਆਲਾ ਦੇ ਨਮਾਦਾ ਪਿੰਡ ਵਿਆਹੀ ਗੁਰਮੀਤ ਕੌਰ ਕੁਝ ਦਿਨ ਪਹਿਲਾਂ ਆਪਣੇ ਨੌਜਵਾਨ ਪੁੱਤ ਇਸ਼ਪ੍ਰੀਤ ਸਿੰਘ (16) ਨਾਲ ਅਪਣੇ ਦਿਓਰ ਸਵਰਨਜੀਤ ਸਿੰਘ ਅਤੇ ਦਰਾਣੀ ਅਮਨਦੀਪ ਕੌਰ ਨੂੰ ਆਸਟਰੇਲੀਆ ਮਿਲਣ ਲਈ ਗਏ ਸਨ।
ਇਸ ਹਾਦਸੇ ‘ਚ ਆਸਟਰੇਲੀਆ ਰਹਿ ਰਹੇ ਸਵਰਨਜੀਤ ਸਿੰਘ, ਅਮਨਦੀਪ ਕੌਰ ਤੇ ਪੰਜਾਬ ਤੋਂ ਆਏ ਉਨ੍ਹਾਂ ਦੇ ਭਤੀਜੇ ਇਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਸਵਰਨਜੀਤ ਸਿੰਘ ਦਾ ਚਾਰ ਸਾਲਾ ਬੇਟਾ ਅਤੇ ਉਸ ਦੀ ਭਰਜਾਈ ਗੁਰਮੀਤ ਕੌਰ ਜ਼ਖਮੀ ਹੋ ਗਏ ਹਨ। ਵਿਦੇਸ਼ ‘ਚ ਵਾਪਰੇ ਇਸ ਦਰਦਨਾਕ ਹਾਦਸੇ ਦੀ ਖਬਰ ਮਿਲਣ ਤੋਂ ਪਿੰਡ ‘ਚ ਸੋਗ ਦੀ ਲਹਿਰ ਛਾ ਗਈ ਹੈ।