ਦੋਵੇਂ ਸੰਯੁਕਤ ਕਿਸਾਨ ਮੋਰਚੇ ਲੱਗੇ ਸਿਰ ਜੋੜਨ !

Global Team
3 Min Read

ਜਗਤਾਰ ਸਿੰਘ ਸਿੱਧੂ;

ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਕਿਸਾਨ ਫੋਰਮਾਂ ਦੀ ਹੋਈ ਮੀਟਿੰਗ ਬੇਸ਼ੱਕ ਮੁਕੰਮਲ ਏਕੇ ਉੱਤੇ ਤਾਂ ਨਹੀਂ ਪੁੱਜ ਸਕੀ ਪਰ ਘੱਟੋ-ਘੱਟ ਸਾਂਝੇ ਐਕਸ਼ਨ ਕਰਨ ਦੇ ਮੁੱਦੇ ਉੱਪਰ ਸਹਿਮਤੀ ਬਨਣ ਦੀ ਸੰਭਾਵਨਾ ਜਰੂਰ ਬਣ ਗਈ ਹੈ। ਜੇਕਰ ਤਿੰਨ ਚਾਰ ਮੀਟਿੰਗਾਂ ਹੋਣ ਬਾਅਦ ਵੀ ਸਹਿਮਤੀ ਬਨਾਉਣ ਬਾਰੇ ਗੱਲਬਾਤ ਟੁੱਟੀ ਨਹੀਂ ਹੈ ਤਾਂ ਕਿਹਾ ਜਾ ਸਕਦਾ ਹੈ ਸਾਰੀਆਂ ਕਿਸਾਨ ਜੱਥੇਬੰਦੀਆਂ ਕਈ ਮਾਮਲਿਆਂ ਵਿੱਚ ਵਿਖਰੇਵਾਂ ਰੱਖਣ ਦੇ ਬਾਵਜੂਦ ਸਿਧਾਂਤਕ ਤੌਰ ਤੇ ਇਹ ਤਾਂ ਪ੍ਰਵਾਨ ਕਰਦੀਆਂ ਹਨ ਕਿ ਇਕ ਦੂਜੇ ਦੇ ਵਿਰੋਧ ਵਿੱਚ ਖੜਨ ਦਾ ਅਰਥ ਕੇਂਦਰ ਨੂੰ ਮਜ਼ਬੂਤ ਕਰਨਾ ਅਤੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਹੈ। ਇਸੇ ਲਈ ਮੀਟਿੰਗ ਵਿੱਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੀਡੀਆ ਨਾਲ ਸੰਜਮ ਵਿੱਚ ਰਹਿਕੇ ਗੱਲਬਾਤ ਕੀਤੀ। ਐਨਾ ਹੀ ਨਹੀਂ ਸਗੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਭਵਿੱਖ ਵਿੱਚ ਕਿਸੇ ਵੀ ਫੋਰਮ ਦਾ ਕਿਸਾਨ ਆਗੂ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਵੀ ਨਹੀਂ ਕਰੇਗਾ। ਪਿਛਲੇ ਦਿਨੀ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਵੱਲੋਂ ਕੇਂਦਰ ਨਾਲ ਮੀਟਿੰਗ ਬਾਰੇ ਪ੍ਰਗਟ ਕੀਤੇ ਖ਼ਦਸ਼ਿਆਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਅੰਦੋਲਨ ਚਲਾ ਰਹੇ ਕਿਸਾਨ ਆਗੂਆਂ ਨੇ ਸਖਤ ਇਤਰਾਜ ਪ੍ਰਗਟ ਕੀਤਾ ਸੀ। ਇਸ ਬਾਅਦ ਇਹ ਵੀ ਸਵਾਲ ਉੱਠਣ ਲੱਗੇ ਕਿ ਏਕੇ ਵਾਲੀ ਮੀਟਿੰਗ ਪਤਾ ਨਹੀਂ ਹੋਵੇਗੀ ਜਾਂ ਨਹੀਂ? ਪਰ ਅੱਜ ਦੀ ਮੀਟਿੰਗ ਦੀ ਇਹ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ ਕਿ ਦਿੱਲੀ ਅੰਦੋਲਨ ਲੜਨ ਵਾਲੀਆਂ ਸਮੁਚੀਆਂ ਕਿਸਾਨ ਜਥੇਬੰਦੀਆਂ ਪਹਿਲੀ ਵਾਰ ਚੰਡੀਗੜ੍ਹ ਏਕੇ ਦੇ ਏਜੰਡੇ ਦੇ ਮੁੱਦੇ ਉੱਤੇ ਇਕਠੀਆਂ ਹੋਈਆਂ। ਇਸ ਤਰ੍ਹਾਂ ਸ਼ੰਭੂ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਖਨੌਰੀ ਮੋਰਚੇ ਵਲੋਂ ਅਭਿਮੰਨਯੂ ਕੋਹਾੜ ਅਤੇ ਉਨਾਂ ਦੇ ਸਾਥੀ ਸੰਯੁਕਤ ਮੋਰਚੇ ਦੀ ਦੂਜੀ ਧਿਰ ਦੇ ਆਗੂਆਂ ਨਾਲ ਮੀਟਿੰਗ ਵਿਚ ਸ਼ਾਮਲ ਹੋਏ। ਬੇਸ਼ੱਕ ਦੋਵੇਂ ਸੰਯੁਕਤ ਮੋਰਚੇ ਦੇ ਆਗੂਆਂ ਨੇ ਵੱਖ-ਵੱਖ ਤੌਰ ਤੇ ਮੀਡੀਆ ਨੂੰ ਸੰਬੋਧਨ ਕੀਤਾ ਪਰ ਦੋਵਾਂ ਧਿਰਾਂ ਦੇ ਆਗੁਆਂ ਨੇ ਕਿਹਾ ਕਿ ਸਹਿਮਤੀ ਬਨਾਉਣ ਦੇ ਮਾਮਲੇ ਵਿੱਚ ਸੰਜੀਦਗੀ ਨਾਲ ਗੱਲਬਾਤ ਅੱਗੇ ਤੁਰੀ ਹੈ ਅਤੇ ਸਾਰੀਆਂ ਜਥੇਬੰਦੀਆਂ ਆਪੋ ਆਪਣੇ ਫੋਰਮਾਂ ਵਿੱਚ ਅਜ ਦੀ ਗੱਲਬਾਤ ਸਾਂਝੀ ਕਰਨਗੀਆਂ ਅਤੇ ਮੁੜ ਮੀਟਿੰਗ ਸਲਾਹ ਕਰਕੇ ਰੱਖੀ ਜਾਵੇਗੀ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਰਾਮਿੰਦਰ ਸਿੰਘ ਪਟਿਆਲਾ, ਜੋਗਿੰਦਰ ਸਿੰਘ ਉਗਰਾਹਾਂ , ਹਰਿੰਦਰ ਸਿੰਘ ਲੱਖੋਵਾਲ, ਝੰਡਾ ਸਿੰਘ ਅਤੇ ਹੋਰਨਾਂ ਆਗੂਆਂ ਸਣੇ ਛੇਅ ਮੈਂਬਰੀ ਕਮੇਟੀ ਦੇ ਆਗੂ ਸ਼ਾਮਲ ਹੋਏ। ਸੰਯੁਕਤ ਮੋਰਚੇ ਨੇ ਇਹ ਵੀ ਐਲਾਨ ਕੀਤਾ ਕਿ ਪੰਜ ਮਾਰਚ ਦੇ ਚੰਡੀਗੜ੍ਹ ਮੋਰਚੇ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

ਸੰਪਰਕ 9814002186

Share This Article
Leave a Comment