ਤਲਵੰਡੀ ਸਾਬੋ: ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਦੇ ਗੰਭੀਰ ਮਾਮਲੇ ‘ਤੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ।
ਵੀਰਵਾਰ ਸ਼ਾਮ ਨੂੰ ਕਾਲਾਂਵਾਲੀ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇਹ ਧਮਕੀ ਸਿਰਫ ਇੱਕ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਨਹੀਂ, ਸਗੋਂ ਦੇਸ਼ ਦੇ ਸਾਂਝੇ ਸਦਭਾਵ ਨੂੰ ਠੇਸ ਪਹੁੰਚਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਵਿੱਚ ਕੋਈ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਥੇਦਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਜਾਂਚ ਨੂੰ ਤੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਸਿੱਖ ਆਸਥਾ ‘ਤੇ ਸਿੱਧਾ ਹਮਲਾ ਹੈ। ਪੰਜਾਬ ਸਰਕਾਰ ਅਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਬੇਨਕਾਬ ਕਰਨ ਅਤੇ ਸਖਤ ਸਜ਼ਾ ਦਵਾਉਣ ਦੀ ਜ਼ਰੂਰਤ ਹੈ।
ਅਭੈ ਸਿੰਘ ਚੌਟਾਲਾ ਅਤੇ ਕਾਲਾਂਵਾਲੀ ਵਾਸੀਆਂ ਨੂੰ ਵੀ ਧਮਕੀਆਂ
ਈ-ਮੇਲ ਰਾਹੀਂ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਕਸਬੇ ਦੇ ਕਈ ਨਾਗਰਿਕਾਂ ਨੂੰ ਵੀ ਧਮਕੀਆਂ ਮਿਲੀਆਂ ਹਨ, ਜਿਸ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ। ਇਨ੍ਹਾਂ ਧਮਕੀਆਂ ਨੇ ਧਾਰਮਿਕ, ਸਿਆਸੀ ਅਤੇ ਸਮਾਜਿਕ ਪੱਧਰ ‘ਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਦਾਦੂਵਾਲ ਨੇ ਅਭੈ ਚੌਟਾਲਾ ਨੂੰ ਮਿਲੀ ਧਮਕੀ ‘ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਮਾਮਲਾ ਸਿਰਫ ਧਾਰਮਿਕ ਨਹੀਂ, ਸਗੋਂ ਸਿਆਸੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵੀ ਦਰਸਾਉਂਦਾ ਹੈ।
ਹਰਿਆਣਾ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇਕਰ ਹਰਿਆਣਾ ਵਿੱਚ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਤਾਂ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੂੰ ਬਿਨਾਂ ਸਮਾਂ ਗਵਾਏ ਸਖਤ ਕਦਮ ਚੁੱਕਣੇ ਚਾਹੀਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕੋਈ ਆਮ ਸਾਈਬਰ ਅਪਰਾਧ ਨਹੀਂ, ਸਗੋਂ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ, ਜਿਸ ਨੂੰ ਸਮੇਂ ਸਿਰ ਟਰੇਸ ਕਰਨਾ ਜ਼ਰੂਰੀ ਹੈ।