ਅੰਮ੍ਰਿਤਸਰ : ਦਿੱਲੀ ਵਿੱਚ ਚੱਲ ਰਹੇ ਖੇਤੀ ਕਾਨੂੰਨ ਖਿਲਾਫ਼ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਤੀਸਰਾ ਜੱਥਾ ਵੀ ਦਿੱਲੀ ਵੱਲ ਰਵਾਨਾ ਕਰ ਦਿੱਤਾ ਹੈ। ਇਹ ਜਥਾ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਕੀਤਾ ਗਿਆ।
ਅੰਮ੍ਰਿਤਸਰ ਤੋਂ ਚੱਲੇ ਇਸ ਜੱਥੇ ਦੇ ਨਾਲ ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੇ ਮਾਲਵੇ ਦੇ ਕਿਸਾਨ ਜੁੜਦੇ ਜਾਣਗੇ। ਸਵੇਰੇ ਵੇਲੇ ਕਿਸਾਨਾਂ ਨੂੰ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਵੀ ਕਾਫ਼ੀ ਮੁਸ਼ਕਿਲ ਆ ਰਹੀ ਸੀ। ਟਰੈਕਟਰਾਂ ਤੇ ਗੱਡੀਆਂ ਦੀ ਰਫ਼ਤਾਰ ਕਾਫ਼ੀ ਘੱਟ ਗਈ ਹੈ। ਇਸੇ ਦੌਰਾਨ ਇਹ ਜੱਥਾ ਅੱਜ ਸ਼ਾਮ ਤੱਕ ਸ਼ੰਭੂ ਬਾਰਡਰ ‘ਤੇ ਪਹੁੰਚ ਜਾਵੇਗਾ ਅਤੇ ਅਗਲੇ ਦਿਨ ਦਿੱਲੀ ਦੀ ਸਰਹੱਦ ‘ਤੇ ਪੱਕੇ ਮੋਰਚੇ ਲਗਾ ਕੇ ਬੈਠ ਜਾਵੇਗਾ।
ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਜ਼ਾਰਾਂ ਦੀ ਗਿਣਤੀ ‘ਚ 2 ਜੱਥਿਆਂ ਅੰਦਰ ਕਿਸਾਨ ਦਿੱਲੀ ਭੇਜੇ ਗਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਿਕਰੀ ਬਾਰਡਰ ‘ਤੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਦੀ ਅਗਵਾਈ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਕਰ ਰਹੇ ਹਨ। ਅੱਜ ਜੱਥੇ ਰਵਾਨਾ ਕੀਤੇ ਜਾਣ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਇਹ ਜਥੇ ਇਵੇਂ ਹੀ ਦਿੱਲੀ ਨੂੰ ਜਾਂਦੇ ਰਹਿਣਗੇ। ਅਗਲਾ ਜਥਾ 15 ਦਿਨਾਂ ਬਾਅਦ ਭੇਜਿਆ ਜਾਵੇਗਾ।