ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ‘ਖਾਲਿਸਤਾਨ’ ਵਾਲੇ ਬਿਆਨ ਤੋਂ ਝਾੜਿਆ ਪੱਲਾ

TeamGlobalPunjab
3 Min Read

ਚੰਡੀਗੜ੍ਹ : ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਾਲ ਹੀ ‘ਚ ਆਪ੍ਰੇਸ਼ਲ ਬਲੂ ਸਟਾਰ ਦੀ ਬਰਸੀ ਮੌਕੇ ‘ਖਾਲਿਸਤਾਨ’ ਨੂੰ ਲੈ ਕੇ ਦਿੱਤੇ ਬਿਆਨ ਤੋਂ ਆਪਣਾ ਪੱਲਾ ਝਾੜ ਲਿਆ ਹੈ। ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਇੱਕ ਹਫਤੇ ਬਾਅਦ ਜਾਰੀ ਆਪਣੇ ਤਾਜ਼ਾ ਬਿਆਨ ‘ਚ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ‘ਖਾਲਿਸਤਾਨ’ ਵਾਲੇ ਬਿਆਨ ਤੋਂ ਕਿਨਾਰਾ ਕਰਦੇ ਹੋਏ ਕਿਹਾ ਕਿ ਸਿੱਖਾਂ ਨੂੰ ਸਿਰਫ ਖਾਲਿਸਤਾਨ ਦੇ ਆਧਾਰ ‘ਤੇ ਹੀ ਨਹੀਂ ਪਰਿਭਾਸ਼ਿਤ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵੀ ਧਿਆਨ ਰੱਖਣਾ ਪਵੇਗਾ ਕਿ ਦੁਸ਼ਮਣ ਦੇਸ਼ ਕਿਸੇ ਵੀ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਭਾਰਤੀ ਸੰਵਿਧਾਨ ਵਿਰੁੱਧ ਅਤੇ ਅੱਤਵਾਦ ‘ਚ ਧੱਕਣ ‘ਚ ਸਫਲ ਨਾ ਹੋ ਸਕੇ।

ਦੱਸ ਦਈਏ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਾਲ ਹੀ ‘ਚ 6 ਜੂਨ ਨੂੰ ਆਪਣੇ ਇੱਕ ਬਿਆਨ ‘ਚ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦਿੰਦੀ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਵੇਗੀ। ਜਿਸ ਤੋਂ ਬਾਅਦ ਵਿਦੇਸ਼ਾਂ ‘ਚ ਸਿੱਖ ਰੈਫਰੈਂਡਮ ਦੇ ਨਾਂ ‘ਤੇ ਸਿੱਖਾਂ ਨੂੰ ਵਰਗਲਾ ਰਹੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਜਥੇਦਾਰ ਦੇ ਇਸ ਬਿਆਨ ਦੀ ਪ੍ਰਸੰਸ਼ਾ ਕੀਤੀ ਸੀ ਅਤੇ ਸਿੱਖ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ ‘ਤੇ ਵਰਗਲਾਉਣ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਸੀ। ਇੱਥੇ ਇਹ ਦੱਸ ਦਈਏ ਕਿ ਅਮਰੀਕਾ ਤੋਂ ਆਪਰੇਟ ਹੋਣ ਵਾਲੀ ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ 4 ਜੁਲਾਈ ਤੋਂ ਰੈਫਰੈਂਡਮ 2020 ਨਾਮ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਜਿਸ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣੇ ‘ਖਾਲਿਸਤਾਨ’ ਵਾਲੇ ਬਿਆਨ ਤੋਂ ਯੂ-ਟਰਨ ਲੈਂਦਿਆਂ ਆਪਣੇ ਤਾਜ਼ਾ ਬਿਆਨ ‘ਚ ਕਿਹਾ ਹੈ ਕਿ ਸਿੱਖਾਂ ਨੂੰ ਸਿਰਫ ਖਾਲਿਸਤਾਨ ਦੇ ਆਧਾਰ ‘ਤੇ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਪੰਜਾਬ ਦੇ ਸਿੱਖਾਂ ਨੂੰ ਵਰਗਲਾਉਣ ਦੀ ਗੁਆਂਢੀ ਮੁਲਕ ਪਾਕਿਸਤਾਨ ਦੀ ਮੁਹਿੰਮ ਦਾ ਹਿੱਸਾ ਨਾ ਬਣਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਦ ਕਿ ਸਿੱਖ ਕੌਮ ਗੁਰਬਾਣੀ ਅਤੇ ਹਲੀਮੀ ਰਾਜ ਤੇ ਬੇਗਮਪੁਰੇ ਉਸ ਰਾਜ ਵੱਲ ਸੰਕੇਤ ਹੈ ਜਿਸ ‘ਚ ਕਾਨੂੰਨ ਅਤੇ ਮਨੁੱਖਤਾ ਦਾ ਰਾਜ ਹੋਵੇ। ਇਹ ਹਰ ਸਿੱਖ ਦਾ ਜਨਮ ਸਿੱਧ ਅਧਿਕਾਰ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨ ‘ਚ ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਲਏ ਬਿਨਾਂ ਉਸ ‘ਤੇ ਹਮਲਾ ਬੋਲਦਿਆਂ ਕਿਹਾਂ ਕਿ ਕੁਝ ਸਿਆਸੀ ਆਗੂ ਬਾਹਰਲੇ ਦੇਸ਼ਾਂ ‘ਚ ਬੈਠੇ ਆਪਣੇ ਆਕਾਵਾਂ ਨੂੰ ਵੀ ਖੁਸ਼ ਕਰਨ ਲਈ ਉਨ੍ਹਾਂ ਦੇ ਬਿਆਨ ਨੂੰ ਗਲਤ ਰੰਗਤ ਦੇ ਰਹੇ ਹਨ।

- Advertisement -

Share this Article
Leave a comment