ਕਰਨਾਲ: ਕਿਸਾਨਾਂ ਦੇ ਅੰਦੋਲਨ ਅਤੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਦੇਖਦੇ ਹੋਏ ਕੁਰਬਾਨੀ ਦੇਣ ਵਾਲੇ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਬਾਬਾ ਰਾਮ ਸਿੰਘ ਨੂੰ ਅੰਤਿਮ ਵਿਦਾਈ ਹਰਿਆਣਾ ਦੇ ਕਰਨਾਲ ਵਿਖੇ ਦਿੱਤੇ ਗਈ। ਆਖਰੀ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ, ਧਾਰਮਿਕ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਣੇ ਹੋਰ ਲੀਡਰ ਇਸ ਆਖਰੀ ਪਲਾਂ ਦਾ ਹਿੱਸਾ ਬਣੇ। ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚਾੜੂਨੀ ਵੱਲੋਂ ਵੀ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ।
16 ਦਸੰਬਰ ਨੂੰ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਨੇ ਆਤਮਦਾਹ ਕੀਤਾ ਸੀ। ਦਿੱਲੀ ਵਿੱਚ ਕਿਸਾਨਾਂ ਦੇ ਚੱਲ ਰਹੇ ਧਰਨੇ ‘ਚ ਵੀ ਬਾਬਾ ਰਾਮ ਸਿੰਘ ਮੌਜੂਦ ਰਹੇ ਸਨ। ਧਰਨੇ ਦੌਰਾਨ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਰਵੱਈਏ ‘ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਖੁਦਕੁਸ਼ੀ ਨੋਟ ਵਿੱਚ ਬਾਬਾ ਰਾਮ ਸਿੰਘ ਨੇ ਕਿਹਾ ਸੀ ਕਿ ਬਜ਼ੁਰਗ, ਮਹਿਲਾਵਾਂ, ਨੌਜਵਾਨ ਅਤੇ ਬੱਚੇ ਕੜਾਕੇ ਦੀ ਠੰਢ ‘ਚ ਧਰਨਾ ਦੇ ਰਹੇ ਹਨ। ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤਕ ਇਹਨਾਂ ਦੀ ਸਾਰ ਨਹੀਂ ਲਈ ਗਈ। ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ। ਇਸ ਨੋਟ ਤੋਂ ਬਾਅਦ ਬਾਬਾ ਰਾਮ ਸਿੰਘ ਨੇ ਆਪਣੇ ਡੇਰੇ ਵਿੱਚ ਲਾਇਸੰਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ।