-ਅਵਤਾਰ ਸਿੰਘ
ਛੱਤਰਪਤੀ ਸ਼ਿਵਾ ਜੀ ਮਰਾਠਾ ਪਹਿਲਾ ਹਿੰਦੂ ਸੀ ਜਿਸਨੇ ਮੁਗਲਾਂ ਨਾਲ ਟੱਕਰ ਲਈ। ਉਸਦਾ ਜਨਮ 19 ਫਰਵਰੀ 1630 ਨੂੰ ਮਾਤਾ ਜੀਜਾ ਬਾਈ ਦੀ ਕੁੱਖੋਂ ਸ਼ਿਵਨੇਰੀ ਦੇ ਕਿਲੇ ਵਿੱਚ ਹੋਇਆ। ਉਸਦੇ ਪਿਤਾ ਸ਼ਾਹ ਜੀ ਭੌਂਸਲੇ ਪੁਣੇ ਦੇ ਜਾਗੀਰਦਾਰ ਸਨ। ਸ਼ਿਵਾ ਜੀ ਦੇ ਦਾਦਾ ਦੀਵਾਨ ਕੋਂਡਦੇਵ ਨੇ ਉਸਨੂੰ ਤਲਵਾਰਬਾਜ਼ੀ, ਘੋੜਸਵਾਰੀ, ਨਿਸ਼ਾਨੇਬਾਜ਼ੀ, ਕੁਸ਼ਤੀ ਆਦਿ ਦੀ ਸਿਖਲਾਈ ਦਿੱਤੀ।
15 ਸਾਲ ਦੀ ਉਮਰ ਵਿੱਚ ਉਸਨੇ ਬੀਜਾਪੁਰ ਦੇ ਦੋ ਕਿਲੇ ਜਿੱਤ ਲਏ ਤੇ ਹੌਲੀ 2 ਹੋਰ ਕਿਲੇ ਜਿੱਤਣ ਤੋਂ ਬਾਅਦ ਬੀਜਾਪੁਰ ਦੇ ਸੁਲਤਾਨ ਨੇ ਉਸਦੇ ਪਿਤਾ ਸ਼ਾਹ ਭੌਂਸਲੇ ਨੂੰ ਗ੍ਰਿਫਤਾਰ ਕਰਕੇ ਕਈ ਕਿਲੇ ਸ਼ਿਵਾ ਜੀ ਤੋਂ ਵਾਪਸ ਛੁਡਾ ਲਏ।
ਬੀਜਾਪੁਰ ਤੇ ਕੋਹਲਾਪੁਰ ਦੀਆਂ ਜਿੱਤਾਂ ਨੂੰ ਵੇਖ ਕੇ ਔਰੰਗਜ਼ੇਬ ਨੇ ਆਪਣੇ ਮਾਮਾ ਸ਼ਾਇਸਤਾ ਖਾਨ ਨੂੰ ਭਾਰੀ ਫੌਜ ਨਾਲ ਭੇਜ ਕੇ ਜਿਆਦਾਤਰ ਮਰਾਠੇ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।
ਸ਼ਿਵਾ ਜੀ ਨੇ ਬਰਾਤ ਦੇ ਰੂਪ ਵਿੱਚ ਉਸਦੇ ਮਹੱਲ ਅੰਦਰ ਦਾਖਲ ਹੋ ਕੇ ਉਸਦੇ ਲੜਕੇ ਤੇ ਕਈ ਕਮਾਂਡਰ ਮਾਰ ਦਿੱਤੇ ਪਰ ਸ਼ਾਇਸਤਾ ਲੁੱਕ ਕੇ ਬਚ ਗਿਆ।
ਔਰੰਗਜ਼ੇਬ ਨੇ ਫਿਰ ਜੈਪੁਰ ਦੇ ਰਾਜਾ ਜੈ ਸਿੰਘ ਨੂੰ ਭੇਜ ਕੇ ਸ਼ਿਵਾ ਜੀ ਨੂੰ ਸੰਧੀ ਕਰਨ ਲਈ ਮਜਬੂਰ ਕੀਤਾ ਜਿਸ ਵਿਚ 23 ਕਿੱਲੇ ਤੇ ਚਾਰ ਲੱਖ ਰੁਪਏ ਦਾ ਹਰਜਾਨਾ ਦੇਣਾ ਪਿਆ।
1666 ਨੂੰ ਔਰੰਗਜ਼ੇਬ ਨੇ ਧੋਖੇ ਨਾਲ ਆਗਰੇ ਸੱਦ ਕੇ ਕੌਤਵਾਲ ਫੌਲਾਦ ਖਾਨ ਦੇ ਘਰ ਨਜ਼ਰਬੰਦ ਕਰ ਦਿੱਤਾ ਜਿਥੋਂ ਉਹ ਧੋਖੇ ਨਾਲ ਫਲਾਂ ਦੇ ਟੋਕਰੇ ਵਿੱਚ ਬੈਠ ਕੇ ਵਾਪਸ ਆ ਗਿਆ। ਉਸ ਨੇ ਹੌਲੀ 2 ਦੁਬਾਰਾ ਇਲਾਕਾ ਵਾਪਸ ਹਾਸਲ ਕਰ ਲਿਆ ਤੇ ਸੂਰਤ ਨੂੰ ਵੀ ਦੁਬਾਰਾ ਲੁੱਟਿਆ।
6 ਜੂਨ 1674 ਨੂੰ ਪੰਜਾਹ ਹਜ਼ਾਰ ਮਹਿਮਾਨਾਂ ਦੀ ਹਾਜ਼ਰੀ ਵਿੱਚ ਤਿਲਕ ਲਵਾ ਕੇ ਛੱਤਰਪਤੀ ਦੀ ਪਦਵੀ ਪ੍ਰਾਪਤ ਕੀਤੀ।ਉਸਦੀ 3 ਜਾਂ 5 ਅਪ੍ਰੈਲ 1680 ਨੂੰ ਬੁਖਾਰ ਤੇ ਦਸਤਾਂ ਕਾਰਨ ਮੌਤ ਹੋ ਗਈ।ਔਰੰਗਜ਼ੇਬ ਨੇ ਉਸਦੇ ਬੇਟੇ ਸੰਭੂ ਜੋ ਗੱਦੀ ‘ਤੇ ਬੈਠਾ ਸੀ ਉਸਦਾ ਵੀ 16/3/1689 ਨੂੰ ਕਤਲ ਕਰਵਾ ਦਿੱਤਾ ਤੇ ਦੂਜੇ ਬੇਟੇ ਸ਼ਾਹੂ ਜੋ ਅਠਾਰਾਂ ਸਾਲ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ। ਜਿਸਨੇ 1749 ਤੱਕ ਰਾਜ ਕੀਤਾ ।