-ਅਮਰਜੀਤ ਕੌਂਕੇ
ਇਨ੍ਹਾਂ ਠੁਰ ਠੁਰ ਕਰਦੀਆਂ ਰਾਤਾਂ ਵਿੱਚ, ਤੇ ਧੁੰਦ ਭਿੱਜੀਆਂ ਪ੍ਰਭਾਤਾਂ ਵਿੱਚ
ਇਹ ਤੰਬੂਆਂ ਅਤੇ ਕਨਾਤਾਂ ਵਿੱਚ, ਜਿਨ੍ਹਾਂ ਨੇ ਡੇਰੇ ਲਾਏ ਨੇ।
ਇਹ ਧਰਤੀ ਪੁੱਤਰ ਦਿੱਲੀ ਤੋਂ, ਆਪਣੇ ਹੱਕ ਮੰਗਣ ਆਏ ਨੇ…
ਇਹ ਮਿੱਟੀ ਦੀ ਹਿੱਕ ਚੀਰ ਕੇ ਤੇ, ਉਸ ਵਿੱਚੋਂ ਅੰਨ ਉਗਾਂਦੇ ਨੇ।
ਪਰ ਖੂਨ ਪਸੀਨਾ ਇਨ੍ਹਾਂ ਦਾ ਵਣਜਾਰੇ ਲੁੱਟ ਲੈ ਜਾਂਦੇ ਨੇ
ਇਹਨਾਂ ਸਿਰ ਚੜ੍ਹਿਆਂ ਕਰਜ਼ਾਂ ਨੇ, ਇਹ ਖੁਦਕਸ਼ੀਆਂ ਰਾਹ ਪਾਏ ਨੇ।
ਇਹ ਧਰਤੀ ਪੁੱਤਰ ਦਿੱਲੀ ਤੋਂ, ਆਪਣੇ ਹੱਕ ਮੰਗਣ ਆਏ ਨੇ…..
ਹੁਣ ਵੱਡੇ ਧਾੜਵੀ ਆਣ ਚੜ੍ਹੇ ਇਹਨਾਂ ਨੂੰ ਕੋਹਣਾ ਚਾਹੁੰਦੇ ਨੇ।
ਹੁਣ ਫ਼ਸਲਾਂ ਦੀ ਤਾਂ ਗੱਲ ਛੱਡੋ, ਧਰਤੀ ਵੀ ਖੋਹਣਾ ਚਾਹੁੰਦੇ ਨੇ।
ਸਭ ਖ਼ਤਮ ਕਰਨ ਲਈ ਤੁੱਲੇ ਨੇ, ਉਨ੍ਹਾਂ ਜੋ ਕਾਨੂੰਨ ਬਣਾਏ ਨੇ।
ਇਹ ਧਰਤੀ ਪੁੱਤਰ ਦਿੱਲੀ ਤੋਂ, ਆਪਣੇ ਹੱਕ ਮੰਗਣ ਆਏ ਨੇ…..
ਐਵੇਂ ਨਾ ਮਨ ਵਿੱਚ ਭਰਮ ਰਹੇ, ਇਹ ਥੱਕ ਟੁੱਟ ਕੇ ਤੁਰ ਜਾਵਣਗੇ।
ਇਹ ਰੇਤੇ ਦੇ ਮੀਨਾਰ ਨਹੀਂ, ਜੋ ਪੌਣ ਵਗੀ ਭੁਰ ਜਾਵਣਗੇ
ਗੁਰ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਹੁਣ ਤਲੀਏਂ ਸੀਸ ਟਿਕਾਏ ਨੇ।
ਇਹ ਧਰਤੀ ਪੁੱਤਰ ਦਿੱਲੀ ਤੋਂ, ਆਪਣੇ ਹੱਕ ਮੰਗਣ ਆਏ ਨੇ…..#