ਜੰਮੂ: ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ ਜਾਤਾਂ ਵਿਚ ਵੰਡਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ- ‘ਦਿੱਲੀ ਵਿੱਚ ਬੈਠੇ ਲੋਕਾਂ ਨੇ ਜੰਮੂ-ਕਸ਼ਮੀਰ ਨੂੰ ਇੱਕ ਪ੍ਰਯੋਗਸ਼ਾਲਾ ਬਣਾ ਦਿੱਤਾ ਹੈ ਅਤੇ ਉਹ ਇੱਥੇ ਲਗਾਤਾਰ ਪ੍ਰਯੋਗ ਕਰ ਰਹੇ ਹਨ।
ਨਹਿਰੂ-ਵਾਜਪਾਈ ਵਰਗੇ ਨੇਤਾਵਾਂ ਦਾ ਆਪਣਾ ਨਜ਼ਰੀਆ ਸੀ। ਪਰ ਇਹ ਸਰਕਾਰ ਹਿੰਦੂ-ਮੁਸਲਿਮ ਨੂੰ ਵੰਡ ਰਹੀ ਹੈ। ਹੁਣ ਸਰਦਾਰ ਵੀ ਖਾਲਿਸਤਾਨੀ ਬਣ ਗਏ ਹਨ, ਅਸੀਂ ਪਾਕਿਸਤਾਨੀ ਹਾਂ। ਸਿਰਫ ਭਾਜਪਾ ਦੇ ਲੋਕ ਹੀ ਹਿੰਦੁਸਤਾਨੀ ਹਨ! ਉਨ੍ਹਾਂ ਅੱਗੇ ਕਿਹਾ ਕਿ ਹੁਣ ਜੰਮੂ ਵਿੱਚ ਰਿਲਾਇੰਸ ਸਟੋਰ ਖੋਲ੍ਹੇ ਜਾ ਰਹੇ ਹਨ। ਤਾਂ ਛੋਟੇ ਵਪਾਰੀਆਂ ਦਾ ਕੀ ਹੋਵੇਗਾ ? ਉਨ੍ਹਾਂ ਨੂੰ ਹੁਣ ਬਹੁਤ ਕੁੱਝ ਸਹਿਣਾ ਪਵੇਗਾ। ਕੋਈ ਏਕੀਕਰਨ ਨਹੀਂ ਹੋ ਰਿਹਾ। ਜੰਮੂ -ਕਸ਼ਮੀਰ ਦੀ ਅਰਥ ਵਿਵਸਥਾ ਤਬਾਹ ਹੋ ਗਈ ਹੈ। ਮੈਂ ਅਤੇ ਮੇਰੀ ਪਾਰਟੀ ਜੰਮੂ ਚੈਂਬਰਸ ਆਫ਼ ਕਾਮਰਸ ਵੱਲੋਂ ਰਿਲਾਇੰਸ ਸਟੋਰਾਂ ਦੇ ਵਿਰੁੱਧ ਦਿੱਤੇ ਗਏ ਬੰਦ ਦਾ ਸਮਰਥਨ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਹੱਦਬੰਦੀ ਦੀ ਪ੍ਰਕਿਰਿਆ ਜਲਦਬਾਜ਼ੀ ਵਿੱਚ ਕੀਤੀ ਜਾ ਰਹੀ ਹੈ। ਉਹ ਸਿਰਫ ਨਾਂ ਬਦਲ ਰਹੇ ਹਨ (ਸਕੂਲਾਂ ਦੇ ਨਾਂ ਸ਼ਹੀਦਾਂ ਉਤੇ ) ਪਰ ਸਿਰਫ ਨਾਮ ਬਦਲਣ ਨਾਲ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲੇਗਾ। ਉਹ (ਕੇਂਦਰ) ਤਾਲਿਬਾਨ ਅਤੇ ਅਫਗਾਨਿਸਤਾਨ ਬਾਰੇ ਗੱਲ ਕਰਦੇ ਹਨ ਪਰ ਕਿਸਾਨਾਂ ਅਤੇ ਬੇਰੁਜ਼ਗਾਰੀ ਬਾਰੇ ਨਹੀਂ ਸੋਚ ਰਹੇ।
ਜੰਮੂ ਵਿੱਚ ਅੱਜ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੰਮੂ -ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਣੀਆਂ ਸ਼ੁਰੂ ਹੋ ਜਾਣਗੀਆਂ।ਪਰ ਅੱਜ ਇੱਥੇ ਦੇਸ਼ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਹੈ। ਫੀਤਾ ਕੱਟਣ ਲਈ ਦੇਸ਼ ਦੇ 70 ਮੰਤਰੀ ਇੱਥੇ ਪਹੁੰਚ ਰਹੇ ਹਨ। ਪਰ ਜਿਨ੍ਹਾਂ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ ਉਹ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੀ ਸ਼ੁਰੂ ਹੋਏ ਸਨ। ਹੁਣ ਤੱਕ ਇੱਥੇ ਮੌਜੂਦਾ ਸਰਕਾਰ ਦੁਆਰਾ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ ਗਈ ਹੈ।