ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਹਜ਼ਾਰਾ ਕਿੱਲੋ ਮੱਖਣ ਚੋਰੀ ਹੋਣ ਦਾ ਮਾਲਾ ਸਾਹਮਣੇ ਆਇਆ ਹੈ, ਜਿਸ ਦੀ ਕੀਮਤ ਲੱਖਾਂ ਡਾਲਰ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ 26 ਦਸੰਬਰ ਨੂੰ ਟਰੈਂਟਨ, ਓਨਟਾਰੀਓ ਵਿੱਚ ਇੱਕ ਟਰੱਕਿੰਗ ਫੈਸਿਲਿਟੀ ਤੋਂ ਟਰੱਕ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ।
ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚਾਰ ਸ਼ੱਕੀ ਕ੍ਰਿਸਮਿਸ ਵਾਲੇ ਦਿਨ ਟਰੱਕਿੰਗ ਫੈਸਿਲਿਟੀ ਅੰਦਰ ਦਾਖਲ ਹੋਏ ਅਤੇ ਦੋ ਟਰੇਲਰ ਚੋਰੀ ਕਰਨ ਲਈ ਟਰੱਕਾਂ ਦੀ ਵਰਤੋਂ ਕੀਤੀ ਜਿਨ੍ਹਾਂ ਵਿੱਚ ਹਰ ਇੱਕ ਵਿੱਚ ਲਗਭਗ 20,000 ਕਿਲੋਗ੍ਰਾਮ ਮੱਖਣ ਸੀ, ਜਿਸ ਦੀ ਬਾਜ਼ਾਰ ‘ਚ ਕੀਮਤ ਲਗਭਗ 200,000 ਡਾਲਰ ਦੱਸੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 27 ਦਸੰਬਰ ਨੂੰ ਟੋਰਾਂਟੋ ਵਿੱਚ ਟਰਾਂਸਪੋਰਟ ਟਰੱਕ ਅਤੇ ਟ੍ਰੇਲਰ ਬਗੈਰ ਮੱਖਣ ਤੋਂ ਮਿਲੇ ਸਨ। ਓਪੀਪੀ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਕਾਲੇ ਰੰਗ ਦੀ SUV ‘ਚ ਚੋਰੀ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।