ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪੰਜਾਬ ਇਸ ਵਾਰ ਆ ਰਹੀ ਪਾਰਲੀਮੈਂਟ ਚੋਣ ਲਈ ਨਵੇਂ ਤਜਰਬੇ ਵਿਚੋਂ ਲੰਘ ਰਿਹਾ ਹੈ। ਬੇਸ਼ਕ ਕਹਿਣ ਨੂੰ ਤਾਂ ਪੰਜਾਬ ਦੀਆਂ ਕੁਲ ਤੇਰਾਂ ਲੋਕ ਸਭਾ ਸੀਟਾਂ ਹੀ ਹਨ ਪਰ ਹੁਣ ਤੋਂ ਹੀ ਘਮਸਾਨ ਪੂਰਾ ਪੈ ਗਿਆ ਹੈ। ਮੁੱਖ ਤੌਰ ਤੇ ਸੂਬੇ ਦੀਆਂ ਚਾਰ ਮੁੱਖ ਰਾਜਸੀ ਧਿਰਾਂ ਹਨ ਜਿਹੜੀਆਂ ਵਿਚਕਾਰ ਏਕੇ ਦੀ ਗੱਲਬਾਤ ਚਲਦੀ ਤੁਰੀ ਆ ਰਹੀ ਹੈ। ਕਾਂਗਰਸ ਪਾਰਟੀ ਅਤੇ ਆਪ ਦੇ ਗਠਜੋੜ ਦੀ ਗੱਲ ਹੋ ਰਹੀ ਹੈ। ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਗੱਲ ਹੋ ਰਹੀ ਹੈ।
ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਵੱਖਰੇ ਵੱਖਰੇ ਰਾਜਾਂ ਦੇ ਆਗੂਆਂ ਨਾਲ ਮੀਟਿੰਗ ਹੋਈ। ਪੰਜਾਬ ਵਲੋਂ ਪ੍ਰਧਾਨ ਰਾਜਾ ਵੜਿੰਗ ਅਤੇ ਮੁੱਖ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਸਨ । ਮੀਟਿੰਗ ਤੋਂ ਬਾਅਦ ਪੰਜਾਬ ਦੇ ਆਗੂਆਂ ਨੇ ਮੀਡੀਆ ਨੂੰ ਸਾਫ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਪੰਜਾਬ ਵਿੱਚ ਆਪ ਨਾਲ ਸਮਝੌਤਾ ਨਹੀਂ ਹੋ ਸਕਦਾ ਹੈ। ਇਨਾਂ ਆਗੂਆਂ ਦਾ ਕਹਿਣਾ ਹੈ ਕਿ ਪਿਛਲੀ ਮੀਟਿੰਗ ਵਿੱਚ ਹੀ ਉਨਾਂ ਨੇ ਆਖ ਦਿੱਤਾ ਸੀ ਕਿ ਆਪ ਨਾਲ ਸਮਝੌਤਾ ਨਹੀਂ ਕਰਨਾ ਹੈ। ਅੱਜ ਦੀ ਮੀਟਿੰਗ ਵਿਚ ਇਨਾਂ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਭਾਰਤ ਯਾਤਰਾ ਦੀ ਤਿਆਰੀ ਬਾਰੇ ਗੱਲਬਾਤ ਹੋਈ ਹੈ। ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਨ ਬਾਰੇ ਚਰਚਾ ਹੋਈ ਸੀ। ਬੇਸ਼ਕ ਇਹ ਤਾਂ ਕਿਹਾ ਗਿਆ ਹੈ ਕਿ ਅੱਜ ਦੀ ਮੀਟਿੰਗ ਵਿਚ ਪੰਜਾਬ ਦੇ ਗਠਜੋੜ ਬਾਰੇ ਕੋਈ ਚਰਚਾ ਮੀਟਿੰਗ ਵਿੱਚ ਨਹੀਂ ਹੋਈ ਹੈ ਪਰ ਪੰਜਾਬ ਦੇ ਆਗੂਆਂ ਨੇ ਜਿਸ ਭਰੋਸੇ ਨਾਲ ਗੱਲ ਆਖੀ ਹੈ, ਉਸ ਤੋਂ ਪਤਾ ਲਗਦਾ ਹੈ ਕਿ ਕਿਧਰੇ ਕੇਂਦਰੀ ਲੀਡਰਿਸ਼ਪ ਦਾ ਸੰਕੇਤ ਜਰੂਰ ਹੈ। ਅਜੇ ਅਧਿਕਾਰਤ ਤੌਰ ਉੱਪਰ ਪਾਰਟੀ ਹਾਈਕਮਾਂਡ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਸੇ ਤਰਾਂ ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਬਹੁਤ ਚਰਚਾ ਰਹੀ ਹੈ। ਸੁਭਾਵਿਕ ਵੀ ਹੈ ਕਿਉਂ ਜੋ ਦੋਵੇਂ ਧਿਰਾਂ ਲੰਮੇ ਸਮੇਂ ਤੋਂ ਭਾਈਵਾਲ ਸਨ ਪਰ ਕਿਸਾਨੀ ਅੰਦੋਲਨ ਵੇਲੇ ਦੋਵੇਂ ਵਖ ਹੋ ਗਏ ਸਨ। ਹੁਣ ਪਾਰਲੀਮੈਂਟ ਚੋਣ ਨੂੰ ਲੈਕੇ ਅਕਾਲੀ ਦਲ ਅਤੇ ਭਾਜਪਾ ਦੀ ਸਹਿਮਤੀ ਦਾ ਮਾਮਲਾ ਚਰਚਾ ਵਿਚ ਰਿਹਾ ਹੈ। ਬੇਸ਼ਕ ਅਧਿਕਾਰਤ ਤੌਰ ਤੇ ਦੋਹਾਂ ਪਾਰਟੀਆਂ ਨੇ ਸਮਝੌਤਾ ਹੋਣ ਜਾਂ ਨਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਦੋਹਾਂ ਪਾਰਟੀਆਂ ਤੋਂ ਆ ਰਹੀ ਜਾਣਕਾਰੀ ਦਸਦੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਭਾਜਪਾ ਤੇਰਾਂ ਪਾਰਲੀਮੈਂਟ ਸੀਟਾਂ ਉਪਰ ਹੀ ਚੋਣ ਨਹੀਂ ਲੜ ਰਹੀ ਸਗੋਂ ਅਗਲੀ ਵਿਧਾਨ ਸਭਾ ਚੋਣ ਲਈ ਵੀ ਜਮੀਨ ਤਲਾਸ਼ ਰਹੀ ਹੈ!
ਸੰਪਰਕਃ 9814002186