ਮੁਕਤਸਰ (ਤਰਸੇਮ ਢੁੱਡੀ) : ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਜਗ ਜ਼ਾਹਰ ਹੈ, ਪਰ ਇੱਕ ਸੀਨੀਅਰ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਪਾਰਟੀ ‘ਚ ਕਲੇਸ਼ ਹੈ ਹੀ ਨਹੀਂ। ਇਹ ਹਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ । ਬਾਜਵਾ ਨੇ ਮੁਕਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ ‘ਚ ਕੋਈ ਕਲੇਸ਼ ਨਹੀਂ ਹੈ ਪਰ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਸਬੰਧੀ ਅਤੇ ਹੋਰ ਮਸਲੇ ਜਲਦ ਹੀ ਕਾਂਗਰਸ ਹਾਈਕਮਾਨ ਹਲ ਕਰ ਲਵੇਗੀ।
ਤ੍ਰਿਪਤ ਰਜਿੰਦਰ ਬਾਜਵਾ ਮੁਕਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਲਈ ਪਾਈ ਹੰਸਾਲੀ ਦਾ ਉਦਘਾਟਨ ਕਰਨ ਪੁੱਜੇ ਸਨ। ਇਹ ਹੰਸਾਲੀ ਕਾਫੀ ਪੁਰਾਣੀ ਹੋ ਚੁੱਕੀ ਸੀ ਅਤੇ ਇਸ ਨੂੰ ਨਵੀਂ ਬਣਾਉਣ ਦੀ ਸੰਗਤ ਦੀ ਲੰਮੇ ਸਮੇਂ ਤੋਂ ਮੰਗ ਸੀ। ਜਿਸਦੇ ਚਲਦਿਆਂ ਇਸ ਹੰਸਾਲੀ ਦੇ ਕੰਮ ਦੀ ਸ਼ੁਰੂਆਤ ਵੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਲੋਂ ਕਰਵਾਈ ਗਈ ਸੀ ਅਤੇ ਹੁਣ ਕੰਮ ਪੂਰਾ ਹੋਣ ‘ਤੇ ਇਸ ਹੰਸਾਲੀ ਦਾ ਉਹਨਾਂ ਉਦਘਾਟਨ ਕੀਤਾ।
ਬਾਜਵਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਲਈ ਹੰਸਾਲੀ ਦੇ ਇਸ ਪ੍ਰੋਜੈਕਟ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਇਤਿਹਾਸਕ ਸ਼ਹਿਰ ਦੇ ਇਸ ਇਤਿਹਾਸਕ ਸਥਾਨ ਲਈ ਇਹ ਜਰੂਰੀ ਕਾਰਜ ਸਰਕਾਰ ਵੱਲੋ ਕਰਵਾਇਆ ਗਿਆ ਹੈ। ਇਸ ਦੌਰਾਨ ਪੱਤਰਕਾਰਾਂ ਵਲੋਂ ਵਾਟਰ ਵਰਕਸ ਵਿੱਚ ਹੋਏ ਘਪਲਿਆਂ ਸਬੰਧੀ ਪੁੱਛੇ ਸਵਾਲਾਂ ‘ਤੇ ਬਾਜਵਾ ਟਾਲਾ ਵੱਟ ਗਏ। ਇਸ ਮੌਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ।