ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਬੀਤੇ ਦਿਨੀਂ ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਫੌਜੀਆਂ ਨਾਲ ਹੋਈ ਹਿੰਸਕ ਝੜਪ ‘ਚ ਮਾਰੇ ਗਏ ਭਾਰਤੀ ਫੌਜੀਆਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਪੋਂਪਿਓ ਨੇ ਵੀਰਵਾਰ ਸੀਨੀਅਰ ਚੀਨੀ ਡਿਪਲੋਮੈਟ ਯਾਂਗ ਜਿਏਚੀ ਨਾਲ ਹਵਾਈ ਵਿਖੇ ਬੈਠਕ ਕੀਤੀ। ਬੈਠਕ ਤੋਂ ਬਾਅਦ ਮਾਈਕ ਪੋਂਪਿਓ ਨੇ ਕਿਹਾ, ” ਬੀਤੇ ਦਿਨੀਂ ਚੀਨ ਦੇ ਨਾਲ ਹੋਈ ਹਿੰਸਕ ਝੜਪ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੇ ਮਾਰੇ ਜਾਣ ‘ਤੇ ਭਾਰਤ ਦੇ ਲੋਕਾਂ ਪ੍ਰਤੀ ਅਸੀਂ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।”
ਮਾਈਕ ਪੋਂਪਿਓ ਅਤੇ ਚੀਨੀ ਡਿਪਲੋਮੈਟ ਯਾਂਗ ਜਿਏਚੀ ਦਰਮਿਆਨ ਹੋਈ ਬੈਠਕ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲੇ ਨੇ ਲੱਦਾਖ ਹਿੰਸਕ ਝੜਪ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇੱਕ ਦਿਨ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੇਕਨੈਨੀ ਨੇ ਇਹ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਲੱਦਾਖ ‘ਚ ਭਾਰਤ ਅਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ ਦੀ ਪੂਰੀ ਜਾਣਕਾਰੀ ਸੀ ਅਤੇ ਉਨ੍ਹਾਂ ਨੇ ਲੱਦਾਖ ‘ਚ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤੀ ਅਤੇ ਚੀਨੀ ਟੁਕੜੀਆਂ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ। ਇਸ ਦੇ ਨਾਲ ਹੀ ਕੈਲੀ ਮੇਕਨੈਨੀ ਨੇ ਕਿਹਾ ਕਿ ਭਾਰਤ-ਚੀਨ ਸੀਮਾ ਦੇ ਹਾਲਾਤਾਂ ਬਾਰੇ ਬੀਤੀ 2 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਸ ‘ਚ ਚਰਚਾ ਕੀਤੀ ਸੀ।
ਦੱਸ ਦਈਏ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਬੀਤੇ ਸੋਮਵਾਰ ਰਾਤ ਭਾਰਤੀ ਅਤੇ ਚੀਨੀ ਫੌਜੀਆਂ ਵਿਚਕਾਰ ਹੋਈ ਹਿੰਸਕ ਝੜਪ ‘ਚ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ 4 ਗੰਭੀਰ ਰੂਪ ‘ਚ ਜ਼ਖਮੀ ਹੋਏ ਸਨ। ਇਸ ਹਿੰਸਕ ਝੜਪ ‘ਚ ਚੀਨੀ ਫੌਜ ਦੇ ਵੀ 43 ਜਵਾਨ ਵੀ ਜ਼ਖਮੀ ਹੋ ਗਏ ਸਨ।