ਵਾਸ਼ਿੰਗਟਨ :- ਜੋਅ ਬਾਇਡਨ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਜੂਨ ‘ਚ ਆਪਣੀ ਪਹਿਲੀ ਵਿਦੇਸ਼ ਯਾਤਰਾ ਕਰਨਗੇ, ਜਿਸ ਦੌਰਾਨ ਉਹ ਅਮਰੀਕਾ ਦੇ ਪ੍ਰਮੁੱਖ ਸਹਿਯੋਗੀ ਦੇਸ਼ਾਂ ਨਾਲ ਗੱਲਬਾਤ ਕਰਨਗੇ।
ਦੱਸ ਦਈਏ ਬਾਇਡਨ 11 ਤੋਂ 13 ਜੂਨ ਤੱਕ ਇੰਗਲੈਂਡ ਦੇ ਕੋਰਨਵਾਲ ‘ਚ ਹੋਣ ਵਾਲੀ ਗਰੁੱਪ ਸੱਤ ਸੰਮੇਲਨ ਮੀਟਿੰਗ ‘ਚ ਹਿੱਸਾ ਲੈਣਗੇ। ਫਿਰ ਉਹ ਬ੍ਰਸੇਲਜ਼ ਦੀ ਯਾਤਰਾ ਕਰਨਗੇ ਜਿੱਥੇ ਉਹ ਯੂਰਪੀਅਨ ਸੰਘ (ਈਯੂ) ਦੀ ਅਗਵਾਈ ਕਰਨ ਵਾਲਿਆਂ ਨਾਲ ਮੁਲਾਕਾਤ ਕਰਨਗੇ ਤੇ 14 ਜੂਨ ਨੂੰ ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਨੇਤਾਵਾਂ ਦੇ ਸੰਮੇਲਨ ‘ਚ ਸ਼ਾਮਲ ਹੋਣਗੇ।
ਇਸਤੋਂ ਇਲਾਵਾ ਅਮਰੀਕਾ ਦੇ ਨੇੜਲੇ ਸਹਿਯੋਗੀ ਦੇਸ਼ਾਂ ਨਾਲ ਮੁਲਾਕਾਤਾਂ ਦੇ ਵਿਚਾਲੇ ਬਾਇਡਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਇੱਕ ਤੀਜੇ ਦੇਸ਼ ‘ਚ ਹੋਣ ਵਾਲੇ ਸ਼ਿਖ਼ਰ ਸੰਮੇਲਨ ਲਈ ਸੱਦਾ ਦਿੱਤਾ ਹੈ। ਇਸ ਦੇ ਲਈ ਅਜੇ ਕੋਈ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਹੁਤੇ ਅਮਰੀਕੀ ਰਾਸ਼ਟਰਪਤੀਆਂ ਨੇ ਆਪਣੀ ਪਹਿਲੀ ਵਿਦੇਸ਼ੀ ਯਾਤਰਾ ‘ਚ ਉੱਤਰੀ ਅਮਰੀਕਾ ਦੇ ਗੁਆਂਢੀਆਂ ਨੂੰ ਚੁਣਿਆ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਚ ਸਾਊਦੀ ਅਰਬ ਤੇ ਰਿਆਦ ਗਏ ਸਨ। ਬਾਇਡਨ ਦੀ ਪਹਿਲੀ ਵਿਦੇਸ਼ ਯਾਤਰਾ ਦਾ ਅਰਥ ਸੀ ਅਮਰੀਕੀ ਸਹਿਯੋਗੀ ਦੇਸ਼ਾਂ ਪ੍ਰਤੀ ਟਰੰਪ ਦੇ ਰਵੱਈਏ ਨੂੰ ਪਲਟਨਾ ਹੈ।