ਜਲੰਧਰ :- ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ‘ਚ ਸਹਾਇਤਾ ਕਰਨ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਰੈੱਡ ਕਰਾਸ ਭਵਨ ‘ਚ ਬੁੱਕ ਬੈਂਕ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਰੈੱਡ ਕਰਾਸ ਸੁਸਾਇਟੀ ਦੀ ਸਲਾਨਾ ਜਨਰਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਇਹ ਬੁੱਕ ਬੈਂਕ ਖੋਲ੍ਹਿਆ ਜਾ ਰਿਹਾ ਹੈ। ਕੋਈ ਵੀ ਵਿਅਕਤੀ ਇਸ ਬੁੱਕ ਬੈਂਕ ‘ਚ ਆਪਣੀਆਂ ਪੁਰਾਣੀਆਂ ਕਿਤਾਬਾਂ ਜਮ੍ਹਾ ਕਰਵਾ ਸਕਦਾ ਹੈ। ਲੋਕਾਂ ਵੱਲੋਂ ਜਮ੍ਹਾ ਕਰਵਾਈਆਂ ਗਈਆਂ ਕਿਤਾਬਾਂ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ‘ਚ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਰੈੱਡ ਕਰਾਸ ਮਾਰਕੀਟ ਦੇ ਦੁਕਾਨਦਾਰਾਂ ਦੀ ਮੰਗ ‘ਤੇ ਉਨ੍ਹਾਂ ਦੀਆਂ ਦੁਕਾਨਾਂ ਦਾ ਦੋ ਮਹੀਨੇ ਦਾ ਕਿਰਾਇਆ ਮਾਫ ਕਰ ਦਿੱਤਾ ਗਿਆ ਹੈ। ਸੁਸਾਇਟੀ ਵੱਲੋਂ ਰੈੱਡ ਕਰਾਸ ਮਾਰਕੀਟ ਸਥਿਤ ਦੁਕਾਨਾਂ ਦਾ 11 ਮਹੀਨੇ ਦਾ ਪੇਸ਼ਗੀ ਕਿਰਾਇਆ ਇਕੱਠਾ ਜਮ੍ਹਾ ਕਰਵਾਉਣ ‘ਤੇ ਦੁਕਾਨਦਾਰਾਂ ਨੂੰ ਇਕ ਮਹੀਨੇ ਦੇ ਕਿਰਾਏ ਤੋਂ ਛੋਟ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ।